ਲਾਜਵੰਤ ਸਿੰਘ
ਨਵਾਂਸ਼ਹਿਰ, 24 ਦਸੰਬਰ
ਇੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਕੀਤੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਪਹਿਲਾਂ ਝੂਠੀਆਂ ਸਹੁੰਆਂ ਖਾਣ ਵਾਲੇ ਅਤੇ ਹੁਣ ਮਜਬੂਰ ਮੁੱਖ ਮੰਤਰੀ ਤੋਂ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਸਹੁੰਆਂ ਖਾ ਕੇ ਲੋਕਾਂ ਨਾਲ ਕੀਤੇ ਗਏ ਵਾਅਦੇ ਧਰੇ-ਧਰਾਏ ਰਹਿ ਗਏ ਹਨ। ਵਿਆਹੀਆਂ ਲੜਕੀਆਂ ਸ਼ਗਨ ਸਕੀਮ ਦੇ ਪੈਸਿਆਂ ਨੂੰ ਤਰਸ ਰਹੀਆਂ ਹਨ, ਬਜ਼ੁਰਗ ਬੁਢਾਪਾ ਪੈਨਸ਼ਨ ਉਡੀਕ ਰਹੇ ਹਨ। ਦੂਸਰੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਜਬੂਰੀਵੱਸ ਸੂਬੇ ਦੇ ਲੋਕਾਂ ਨੂੰ ਲਾਰਿਆਂ ਦੀਆਂ ਝੜੀਆਂ ਲਾ ਰਿਹਾ ਹੈ। ਬੀਬੀ ਬਾਦਲ ਨੇ ਕਿਹਾ ਕਿ ‘ਆਪ’ ਆਗੂ ਅਰਵਿੰਦ ਕੇਜਰੀਵਾਲ ਜਿੱਥੇ ਵੀ ਚੋਣਾਂ ਆਉਂਦੀਆਂ ਹਨ, ਉੱਥੇ ਜਾ ਕੇ ਸਹੂਲਤਾਂ ਦੇਣ ਦਾ ਰਾਗ ਅਲਾਪਣ ਲੱਗ ਜਾਂਦਾ ਹੈ ਜਦਕਿ ਦਿੱਲੀ ਦੇ ਲੋਕ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਔਰਤਾਂ ਨੂੰ ਭਰੋਸਾ ਦਿੰਦਿਆਂ ਕਹਾ ਕਿ ਪਹਿਲਾਂ ਵੱਡੇ ਬਾਦਲ (ਸਹੁਰਾ ਸਾਹਿਬ) ਤੋਂ ਕੁਝ ਮੰਗਣ ’ਚ ਝਿਜਕ ਹੁੰਦੀ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਮਗਰੋਂ ਉਹ ਉਸ ਤੋਂ ਰੋਹਬ ਅਤੇ ਦਬਕੇ ਨਾਲ ਸਕੀਮਾਂ ਪਾਸ ਕਰਵਾਏਗੀ। ਉਨ੍ਹਾਂ ਗੱਠਜੋੜ ਦੇ ਉਮੀਦਵਾਰ ਡਾ. ਨਛੱਤਰਪਾਰ, ਬਲਾਚੌਰ ਤੋਂ ਉਮੀਦਵਾਰ ਸੁਨੀਤਾ ਚੌਧਰੀ ਲਈ ਦਿਨ-ਰਾਤ ਇਕ ਕਰਨ ਲਈ ਵੀ ਪ੍ਰੇਰਿਆ।