ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਜੂਨ
ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਅੱਜ ਐੱਨਡੀਏ ਦੀ ਨਵੀਂ ਚੁਣੀ ਗਈ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਵਜੋਂ ਸਹੁੰ ਚੁੱਕੇ ਜਾਣ ਮਗਰੋਂ ਉਨ੍ਹਾਂ ਦੇ ਨਾਨਕੇ ਘਰ ਵਿੱਚ ਜਸ਼ਨ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਉਨ੍ਹਾਂ ਦੇ ਮਾਛੀਵਾੜਾ ਰਹਿੰਦੇ ਮਾਮਾ ਰਾਜਵੰਤ ਸਿੰਘ ਕੂੰਨਰ, ਤੇਜਿੰਦਰ ਸਿੰਘ ਕੂੰਨਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਵਿੱਚ ਭੰਗੜੇ ਪਾਏ ਅਤੇ ਪਟਾਕੇ ਚਲਾ ਕੇ ਜਸ਼ਨ ਮਨਾਏ। ਸ੍ਰੀ ਬਿੱਟੂ ਦੇ ਨਾਨਕੇ ਪਰਿਵਾਰ ਨੂੰ ਅੱਜ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇਸ ਮੌਕੇ ਰਾਜਵੰਤ ਸਿੰਘ ਕੂੰਨਰ ਅਤੇ ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਬਲਕਿ ਪੰਜਾਬ ਨੂੰ ਵੱਡਾ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਲੁਧਿਆਣਾ ਲੋਕ ਸਭਾ ਚੋਣਾਂ ਦੌਰਾਨ ਅਸੀਂ ਚੋਣ ਹਾਰ ਗਏ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦਾ ਮਾਣ ਰੱਖ ਕੇ ਬਿੱਟੂ ਨੂੰ ਇੱਥੋਂ ਮੰਤਰੀ ਬਣਾਇਆ। ਉਨ੍ਹਾਂ ਕਿਹਾ ਕਿ ਅੱਜ ਮਾਛੀਵਾੜਾ, ਲੁਧਿਆਣਾ ਹੀ ਨਹੀਂ ਸਗੋਂ ਸਮੂਹ ਪੰਜਾਬ ਵਾਸੀਆਂ ਲਈ ਵੱਡਾ ਇਤਿਹਾਸਕ ਦਿਨ ਹੈ।
ਮਾਛੀਵਾੜਾ ਦੇ ਹਰ ਬਜ਼ੁਰਗ ਨੂੰ ‘ਮਾਮਾ ਜੀ’ ਆਖ ਕੇ ਬੁਲਾਉਂਦੇ ਨੇ ਰਵਨੀਤ ਬਿੱਟੂ
ਨਵੇਂ ਚੁਣੇ ਗਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਮਾਛੀਵਾੜਾ ਵਿੱਚ ਨਾਨਕਾ ਘਰ ਹੋਣ ਕਰਕੇ ਉਨ੍ਹਾਂ ਦੀ ਇਲਾਕੇ ਦੇ ਸਿਆਸੀ, ਗੈਰ-ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨਾਲ ਕਾਫ਼ੀ ਸਾਂਝ ਹੈ। ਬਿੱਟੂ ਦੀ ਇੱਕ ਵੱਡੀ ਖਾਸੀਅਤ ਹੈ ਕਿ ਉਸ ਨੂੰ ਜਦੋਂ ਵੀ ਇੱਥੋਂ ਦਾ ਬਜ਼ੁਰਗ ਮਿਲਦਾ ਹੈ ਤਾਂ ਉਸ ਨੂੰ ਪੈਰੀਂ ਹੱਥ ਲਗਾ ਕੇ ‘ਮਾਮਾ ਜੀ’ ਕਹਿ ਕੇ ਆਸ਼ੀਰਵਾਦ ਲੈਂਦੇ ਹਨ।