ਦਰਸ਼ਨ ਸਿੰਘ ਮਿੱਠਾ
ਫਤਹਿਗੜ੍ਹ ਸਾਹਿਬ, 14 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ’ਚ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ ਜੰਮੂ-ਕਸ਼ਮੀਰ ਦੇ ਸਿੱਖ ਵਿਦਿਆਰਥੀ ਸਵਪਨਦੀਪ ਸਿੰਘ ਸੋਢੀ ਨਾਲ ਜੱਗੋਂ ਤੇਰਵੀਂ ਹੋਈ, ਜਿਸ ਨੇ ਉਸ ਦਾ ਇੰਜਨੀਅਰ ਬਣਨ ਦਾ ਸੁਫ਼ਨਾ ‘ਤੋੜ’ ਦਿੱਤਾ। ਬਾਰ੍ਹਵੀਂ ’ਚ ਉਸ ਦੇ 93.6 ਅੰਕ ਹਨ। ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿੱਚ ਦਾਖ਼ਲੇ ਸਮੇਂ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਕਿ ਉਹ ਹੁਸ਼ਿਆਰ ਬੱਚਾ ਹੈ ਤੇ ਉਹ ਇਸ ਕਾਲਜ ਵਿੱਚ ਮੁਫ਼ਤ ਸਿੱਖਿਆ ਹਾਸਲ ਕਰ ਸਕੇਗਾ ਪਰ ਹੁਣ ਉਸ ਨੂੰ ਕਾਲਜ ਨੇ ਇੱਕ ਸੂਚੀ ਸੌਂਪੀ ਹੈ, ਜਿਸ ਵਿੱਚ ਵੱਖ-ਵੱਖ ਸਮੈਸਟਰਾਂ ਦਾ 2 ਲੱਖ 40 ਹਜ਼ਾਰ ਰੁਪਏ ਖਰਚਾ ਭਰਨ ਲਈ ਕਿਹਾ ਹੈ। ਫ਼ੀਸ ਨਾ ਭਰਨ ’ਤੇ ਫਾਈਨਲ ਇਮਤਿਹਾਨਾਂ ਵਿੱਚ ਬੈਠਣ ਦੀ ਮਨਾਹੀ ਕੀਤੀ ਗਈ ਹੈ। ਫ਼ੋਨ ’ਤੇ ਆਪਣਾ ਦੁੱਖੜਾ ਸੁਣਾਉਂਦਿਆਂ ਸਵਪਨਦੀਪ ਨੇ ਦੱਸਿਆ ਕਿ ਦਾਖਲੇ ਸਮੇਂ ਉਸ ਕੋਲੋਂ ਕੋਈ ਫੀਸ ਲੈਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਉਸ ਕੋਲੋਂ ਪੈਸੇ ਮੰਗੇ ਜਾ ਰਹੇ ਹਨ। ਉਸ ਨੇ ਆਖਿਆ ਕਿ ਉਸ ਦਾ ਪਿਤਾ ਦਿਹਾੜੀਦਾਰ ਡਰਾਈਵਰ ਹੈ ਤੇ ਉਹ ਪੈਸਿਆਂ ਦਾ ਪ੍ਰਬੰਧ ਨਹੀਂ ਕਰ ਸਕਦਾ। ਊਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨਾਲ ਵਧੀਕੀ ਕੀਤੀ ਹੈ।
ਸਵਪਨਦੀਪ ਨੇ ਦੱਸਿਆ ਕਿ ਉਹ ਮੈੱਸ ਅਤੇ ਹੋਸਟਲ ਦਾ ਖਰਚਾ ਇੱਧਰੋਂ-ਉਧਰੋਂ ਡੋਨੇਸ਼ਨ ਕਰਵਾ ਕੇ ਭਰਦਾ ਹੁੰਦਾ ਸੀ। ਵਿਦਿਆਰਥੀ ਨੇ ਦੱਸਿਆ ਕਿ ਉਸ ਦਾ ਨਾਨਾ ਅਤੇ ਉਹ ਕਈ ਵਾਰ ਐੱਸਜੀਪੀਸੀ ਦਫ਼ਤਰ ਅੰਮ੍ਰਿਤਸਰ ਗਏ ਪਰ ਉਨ੍ਹਾਂ ਦੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ। ਊਸ ਦਾ ਨਾਨਾ ਵੀ ਕੈਂਸਰ ਤੋਂ ਪੀੜਤ ਹੈ। ਐੱਸਜੀਪੀਸੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲ਼ੀ ਨੇ ਆਖਿਆ ਕਿ ਉਹ ਇਸ ਸਬੰਧੀ ਪ੍ਰਧਾਨ ਸ਼੍ਰੋਮਣੀ ਕਮੇਟੀ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲ ਕਰਨਗੇ।
ਫੀਸ ਮੁਆਫ਼ੀ ਦਾ ਕੋਈ ਲਿਖਤੀ ਪੱਤਰ ਨਹੀਂ ਹੈ: ਪ੍ਰਿੰਸਪੀਲ
ਕਾਲਜ ਪ੍ਰਿੰਸੀਪਲ ਜੀ.ਐੱਸ. ਲਾਂਬਾ ਨੇ ਆਖਿਆ ਕਿ ਵਿਦਿਆਰਥੀ ਕੋਲ ਫ਼ੀਸ ਮੁਆਫ਼ੀ ਦਾ ਐੱਸਜੀਪੀਸੀ ਵੱਲੋਂ ਕੋਈ ਲਿਖਤੀ ਆਰਡਰ ਨਹੀਂ ਸੀ। ਕੇਵਲ ਜ਼ੁਬਾਨੀ ਕਲਾਮੀ ਹੀ ਗੱਲਬਾਤ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਐੱਸਜੀਪੀਸੀ ਨੂੰ ਬੇਨਤੀ ਪੱਤਰ ਭੇਜਣਾ ਚਾਹੀਦਾ ਹੈ ਜੇਕਰ ਐੱਸਜੀਪੀਸੀ ਮਨਜ਼ੂਰ ਕਰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਵਿਦਿਆਰਥੀ ਨੂੰ ਆਪਣੀ ਫ਼ੀਸ ਦਾ ਬੰਦੋਬਸਤ ਖੁਦ ਕਰਨਾ ਪਵੇਗਾ।