ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 16 ਨਵੰਬਰ
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ 17 ਨਵੰਬਰ ਤੋਂ ਮੁੜ ਖੋਲ੍ਹੇ ਜਾਣ ’ਤੇ ਸੰਗਤ ਬਾਗੋਬਾਗ ਹੈ। ਇਸ ਸਬੰਧੀ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਅਤੇ ਰਾਜਸੀ ਧਿਰਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਭਾਜਪਾ ਦੇ ਸੀਨੀਅਰ ਆਗੂ ਸੰਤੋਖ ਸਿੰਘ ਗੁਮਟਾਲਾ ਨੇ ਦੱਸਿਆ ਕਿ ਉਨ੍ਹਾਂ ਸਮੇਤ ਪਾਰਟੀ ਦੇ ਭਾਜਪਾ ਸਿੱਖ ਆਗੂਆਂ ਨੇ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰਪਤੀ ਨੂੰ ਮਿਲ ਕੇ ਕਰਤਾਰਪੁਰ ਲਾਂਘਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਖੋਲ੍ਹਣ ਦੀ ਅਪੀਲ ਕੀਤੀ ਸੀ, ਜਿਸ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬੀਤੇ ਦਿਨ ਕਰਤਾਰਪੁਰ ਲਾਂਘੇ ਦਾ ਦੌਰਾ ਕਰ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਸੀ।
ਡੇਰਾ ਬਾਬਾ ਨਾਨਕ ਤੋਂ ਐੱਸਜੀਪੀਸੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਨੂੰ ਸ਼ੁਭ ਸੰਕੇਤ ਦੱਸਿਆ ਹੈ। ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ ਅਤੇ ਮਾਸਟਰ ਦਿਲਬਾਗ ਸਿੰਘ ਪੱਡਾ ਨੇ ਵੀ ਕੇਂਦਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ। ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਇਹ ਲਾਂਘਾ ਖੁੱਲ੍ਹਣ ਨਾਲ ਦੋਹਾਂ ਦੇਸ਼ਾਂ ਵਿੱਚ ਸਦਭਾਵਨਾ ਦਾ ਮਾਹੌਲ ਬਣੇਗਾ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ 16 ਮਾਰਚ 2019 ਨੂੰ ਕੇਂਦਰ ਨੇ ਕਰਤਾਰਪੁਰ ਲਾਂਘੇ ’ਤੇ ਪਾਬੰਦੀ ਲਗਾ ਦਿੱਤੀ ਸੀ। । ਕੁਝ ਦਿਨ ਪਹਿਲਾਂ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਕੌਮਾਂਤਰੀ ਸੀਮਾ ’ਤੇ ਸਥਿਤ ਲਾਂਘੇ ਕੋਲ ਅਰਦਾਸ ਕੀਤੀ ਸੀ।
ਮੋਦੀ ਦੇ ਹੱਕ ’ਚ ਨਾਅਰੇ ਲਾਉਣ ਦਾ ਕਿਸਾਨਾਂ ਵੱਲੋਂ ਵਿਰੋਧ
ਗੁਰਦਾਸਪੁਰ (ਜਤਿੰਦਰ ਬੈਂਸ): ਸ਼ਹਿਰ ਦੇ ਹਨੂੰਮਾਨ ਚੌਕ ਵਿੱਚ ਅੱਜ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ ’ਚ ਪ੍ਰਧਾਨ ਮੰਤਰੀ ਦੇ ਹੱਕ ਵਿੱਚ ਨਾਅਰੇ ਲਾਉਂਦੇ ਭਾਜਪਾਈਆਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪੁੱਜ ਗਈ ਅਤੇ ਦੋਹਾਂ ਧਿਰਾਂ ਵਿਚਾਲੇ ਟਕਰਾਅ ਹੋਣ ਤੋਂ ਬਚਾਇਆ। ਭਾਜਪਾਈਆਂ ਦਾ ਕਹਿਣਾ ਸੀ ਕਿ ਉਹ ਲਾਂਘਾ ਖੋਲ੍ਹਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੇ ਹਨ ਅਤੇ ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਾਨੂੰਨ ਲਾਗੂ ਕਰ ਕੇ ਕਿਸਾਨੀ ਨਾਲ ਖਿਲਵਾੜ ਕਰ ਰਹੀ ਹੈ।