ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਪਿੰਡ ਕੰਦੋਲਾ ਵਿੱਚ ਇੱਕ ਔਰਤ ਵੱਲੋਂ ਗੁਰੂਆਂ ਅਤੇ ਮਹਾਪੁਰਸ਼ਾਂ ਬਾਰੇ ਗ਼ਲਤ ਸ਼ਬਦਾਬਲੀ ਦੀ ਵਰਤੋਂ ਕਰਨ ’ਤੇ ਰੋਹ ਵਿੱਚ ਆਏ ਪਿੰਡ ਵਾਸੀਆਂ ਦੇ ਵਿਰੋਧ ਪ੍ਰਦਰਸ਼ਨ ਮਗਰੋਂ ਅੱਜ ਆਦਮਪੁਰ ਪੁਲੀਸ ਵੱਲੋਂ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿੰਡ ਦੀ ਸਾਬਕਾ ਪੰਚ ਰਾਜਵਿੰਦਰ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਵਿੱਚ ਰਹਿੰਦੀ ਮਨਜੀਤ ਕੌਰ ਈਸਾਈ ਧਰਮ ਦੀ ਪ੍ਰਚਾਰਕ ਹੈ ਤੇ ਕੁਝ ਦਿਨ ਪਹਿਲਾਂ ਉਹ ਉਸ ਦੇ ਘਰ ਆ ਕੇ ਈਸਾਈ ਧਰਮ ਅਪਣਾਉਣ ਲਈ ਜ਼ੋਰ ਪਾਉਣ ਲੱਗੀ। ਰਾਜਵਿੰਦਰ ਕੌਰ ਨੇ ਦੋਸ਼ ਲਾਇਆ ਕਿ ਮਨਜੀਤ ਕੌਰ ਨੇ ਇਸ ਵੇਲੇ ਗੁਰੂਆਂ, ਪੀਰਾਂ ਅਤੇ ਮਹਾਪੁਰਸ਼ਾਂ ਬਾਰੇ ਗ਼ਲਤ ਸ਼ਬਦਾਂ ਦੀ ਵਰਤੋਂ ਵੀ ਕੀਤੀ। ਪਿੰੰਡ ਵਾਸੀਆਂ ਨੇ ਦੱਸਿਆ ਕਿ ਆਦਮਪੁਰ ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਮਨਜੀਤ ਕੌਰ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਰਾਜ਼ੀਨਾਮੇ ਲਈ ਦਬਾਅ ਪਾਇਆ ਗਿਆ, ਜਿਸ ਦੇ ਵਿਰੋਧ ਵਿੱਚ ਅੱਜ ਪਿੰਡ ਵਾਸੀਆਂ ਨੇ ਆਦਮਪੁਰ ਥਾਣੇ ਸਾਹਮਣੇ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ। ਇਸ ਮਗਰੋਂ ਪੁਲੀਸ ਨੇ ਮਨਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਜਲੰਧਰ ਲਿਜਾਇਆ ਗਿਆ।