ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 17 ਅਗਸਤ
ਥਾਣਾ ਨੰਦਗੜ੍ਹ ਅਧੀਨ ਆਉਂਦੇ ਪਿੰਡ ਚੁੱਘੇ ਕਲਾਂ ਵਿੱਚ ਗਲੀ ਦੇ ਰੌਲੇ ਤੋਂ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਭੜਕੇ ਹੋਏ ਗੁਆਂਢੀਆਂ ਨੇ ਵਿਧਵਾ ਔਰਤ ਅਤੇ ਉਸ ਦੇ ਪੁੱਤਰ ਦੀ ਕਥਿਤ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀ ਵਿਧਵਾ ਔਰਤ ਗੁਰਮੇਲ ਕੌਰ ਪਤਨੀ ਅਜਮੇਰ ਸਿੰਘ ਦਾ ਆਪਣੇ ਘਰ ਨੂੰ ਲੱਗਦੀ ਗਲੀ ਨੂੰ ਲੈ ਕੇ ਆਪਣੇ ਗੁਆਂਢੀ ਲਛਮਣ ਸਿੰਘ ਪੁੱਤਰ ਰੂਪ ਸਿੰਘ ਅਤੇ ਨੈਬ ਸਿੰਘ ਪੁੱਤਰ ਰੂਪ ਸਿੰਘ ਨਾਲ ਪਿਛਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਪੀੜਤ ਔਰਤ ਨੇ ਦੱਸਿਆ,‘ਮੇਰੇ ਮਕਾਨ ਨੂੰ ਦੋ ਗਲੀਆਂ ਲੱਗਦੀਆਂ ਹਨ, ਜਿਸਦੇ ਦੋਵਾਂ ਗਲੀਆਂ ’ਤੇ ਹੀ ਦਰਵਾਜ਼ੇ ਹਨ, ਪਰ ਇੱਕ ਦਰਵਾਜ਼ਾ ਵਰਤੋਂ ਨਾ ਹੋਣ ਕਾਰਨ ਬੰਦ ਕੀਤਾ ਹੋਇਆ ਸੀ, ਪਰ ਹੁਣ ਜਦੋਂ ਅਸੀਂ ਉਕਤ ਗਲੀ ਵਿਚਲਾ ਦਰਵਾਜ਼ਾ ਖੋਲ੍ਹਿਆ ਤਾਂ ਗਲੀ ਵਿਚਲੇ ਇੱਕ ਘਰ ਵਾਲੇ ਗਲੀ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਧੱਕੇ ਨਾਲ ਸਾਡਾ ਦਰਵਾਜ਼ਾ ਬੰਦ ਕਰਵਾਉਣਾ ਚਾਹੁੰਦੇ ਹਨ ਜਿਸ ਤੋਂ ਇਹ ਝਗੜਾ ਹੋਇਆ।’ ਉਨ੍ਹਾਂ ਕਿਹਾ ਕਿ ਤੂੰ ਤੂੰ – ਮੈਂ ਮੈਂ ਤੋਂ ਬਾਅਦ ਉਕਤ ਘਰ ਦੇ ਮੈਂਬਰਾਂ ਲਛਮਣ ਸਿੰਘ, ਨੈਬ ਸਿੰਘ ਅਤੇ ਰਾਜੂ ਸਿੰਘ ਵਾਸੀ ਚੁੱਘੇ ਕਲਾਂ ਨੇ ਉਸ ਦੀ ਅਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਝੂਠੇ ਮਾਮਲੇ ਵਿਚ ਫਸਾਉਣ ਦੇ ਮਕਸਦ ਨਾਲ ਖੁਦ ਹਸਪਤਾਲ ਵਿੱਚ ਦਾਖਲ ਹੋ ਗਏ। ਪੀੜਤ ਔਰਤ ਨੇ ਪੁਲੀਸ ਪ੍ਰਸਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਨੰਦਗੜ੍ਹ ਦੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ’ਤੇ ਕਾਰਵਾਈ ਕੀਤੀ ਜਾਵੇਗੀ।