ਪਾਲ ਸਿੰਘ ਨੌਲੀ
ਜਲੰਧਰ, 28 ਅਗਸਤ
ਇੱਕ ਨਿੱਜੀ ਹਸਪਤਾਲ ਵਿੱਚ ਜਣੇਪੇ ਤੋਂ ਬਾਅਦ ਔਰਤ ਦੀ ਮੌਤ ਹੋ ਜਾਣ ’ਤੇ ਪੀੜਤ ਪਰਿਵਾਰ ਨੇ ਹੰਗਾਮਾ ਕੀਤਾ। ਭਾਰਗੋ ਕੈਂਪ ਥਾਣੇ ਅਧੀਨ ਪੈਂਦੇ ਨਵਜੀਵਨ ਹਸਪਤਾਲ ਵਿੱਚ ਬਸਤੀ ਪੀਰਦਾਦ ਦੀ ਰਹਿਣ ਵਾਲੀ ਸੋਨਿਕਾ ਦੀ ਇਲਾਜ ਦੌਰਾਨ ਮੌਤ ਹੋ ਗਈ ਪਰ ਉਦੋਂ ਤੱਕ ਉਸ ਨੇ ਇੱਕ ਬੱਚੀ ਨੂੰ ਜਨਮ ਦੇ ਦਿੱਤਾ ਸੀ।ਮ੍ਰਿਤਕਾ ਦੇ ਪਤੀ ਸੰਨੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੋਨਿਕਾ ਦਾ ਜਣੇਪਾ ਕਰਵਾਉਣ ਲਈ ਨਵਜੀਵਨ ਹਸਪਤਾਲ ਲੈ ਕੇ ਆਇਆ ਸੀ। ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਪਰ ਮੌਕੇ ’ਤੇ ਸੋਨਿਕਾ ਦੀ ਹਾਲਤ ਵਿਗੜ ਗਈ। ਇਸੇ ਦੌਰਾਨ ਜਦੋਂ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਡਾਕਟਰਾਂ ਨੇ ਵੈਂਟੀਲੇਟਰ ’ਤੇ ਲਾਇਆ ਹੋਇਆ ਸੀ ਜਦਕਿ ਊਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪਰਿਵਾਰ ਵਾਲਿਆਂ ਨੇ ਡਾਕਟਰ ਦੇ ਖਿਲਾਫ ਹਸਪਤਾਲ ਵਿੱਚ ਹੰਗਾਮਾ ਕੀਤਾ। ਭਾਰਗੋ ਕੈਂਪ ਥਾਣੇ ਦੀ ਪੁਲੀਸ ਹਸਪਤਾਲ ਪਹੁੰਚੀ ਅਤੇ ਪਰਿਵਾਰ ਵਾਲਿਆਂ ਨੂੰ ਸ਼ਾਂਤ ਕਰਵਾਇਆ। ਊਧਰ ਨਵਜੀਵਨ ਹਸਪਤਾਲ ਦੇ ਮੁੱਖ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਲੁਧਿਆਣਾ ਹਸਪਤਾਲ ਵਿਚ ਰੈਫਰ ਕਰਨ ਲਈ ਕਿਹਾ ਗਿਆ ਪਰ ਮਰੀਜ਼ ਦੇ ਪਰਿਵਾਰਕ ਮੈਂਬਰ ਜਲੰਧਰ ਦੇ ਹੀ ਸਥਾਨਕ ਹਸਪਤਾਲ ਵਿੱਚ ਲੈ ਗਏ।