ਜਗਮੋਹਨ ਸਿੰਘ
ਰੂਪਨਗਰ, 1 ਜੂਨ
ਥਾਣਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਨੰਗਲੀ ਦੀ ਵਸਨੀਕ ਸਰਬਜੀਤ ਕੌਰ ਨੇ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਮਾਤਾ-ਪਿਤਾ ’ਤੇ ਗੰਭੀਰ ਦੋਸ਼ ਲਗਾਏ ਹਨ। ਸਰਬਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਤੇ ਐੱਸਐੱਸਪੀ ਰੂਪਨਗਰ ਨੂੰ ਭੇਜੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਕੈਬਨਿਟ ਮੰਤਰੀ ਦੇ ਮਾਤਾ-ਪਿਤਾ ਨੇ 30 ਮਈ ਨੂੰ ਉਸ ਦੇ ਘਰ ਦੇ ਇੱਕ ਹਿੱਸੇ ’ਤੇ ਕਬਜ਼ਾ ਕਰਨ ਵਿੱਚ ਉਸ ਦੇ ਇੱਕ ਕਰੀਬੀ ਰਿਸ਼ਤੇਦਾਰ ਦੀ ਮਦਦ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਦੀ ਮੌਤ ਹੋ ਚੁੱਕੀ ਹੈ ਤੇ ਪਤੀ ਵਿਦੇਸ਼ ਗਿਆ ਹੋਇਆ ਹੈ। ਉਹ ਆਪਣੇ ਦੋ ਬੱਚਿਆਂ ਨਾਲ ਉਸ ਘਰ ਵਿੱਚ ਰਹਿ ਰਹੀ ਹੈ। ਇਸ ਜਾਇਦਾਦ ਸਬੰਧੀ ਉਸ ਦਾ ਆਪਣੇ ਰਿਸ਼ਤੇਦਾਰਾਂ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਜਿਸ ਵਿੱਚ ਉਸ ਨੂੰ ਸਟੇਅ ਮਿਲੀ ਹੋਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਦੇ ਪਿਤਾ ਸੋਹਣ ਸਿੰਘ ਬੈਂਸ, ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ, ਪਿੰਡ ਨੰਗਲੀ ਦੇ ਸਰਪੰਚ ਤੇ ਕੁਝ ਹੋਰ ਵਿਅਕਤੀਆਂ ਨੇ ਉਸ ਦੇ ਘਰ ਦੇ ਇੱਕ ਕਮਰੇ ’ਤੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਔਰਤ ਨੇ ਖ਼ੁਦ ਘਰ ਆ ਕੇ ਮੌਕਾ ਵੇਖਣ ਦੀ ਕੀਤੀ ਸੀ ਅਪੀਲ: ਸੋਹਣ ਸਿੰਘ ਬੈਂਸ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਲਗਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਖ਼ੁਦ ਉਨ੍ਹਾਂ ਦੇ ਘਰ ਆ ਕੇ ਝਗੜੇ ਵਾਲੀ ਥਾਂ ਦਾ ਮੌਕਾ ਵੇਖਣ ਤੇ ਰਾਜ਼ੀਨਾਮਾ ਕਰਵਾਉਣ ਦੀ ਅਪੀਲ ਕਰਕੇ ਗਈ ਸੀ, ਜਿਸ ਮਗਰੋਂ ਜਦੋਂ ਉਹ ਆਪਣੀ ਪਤਨੀ ਨਾਲ ਪਿੰਡ ਨੰਗਲੀ ਗਏ ਤਾਂ ਸਾਰੀ ਗੱਲ ਪਤਾ ਕਰਨ ਲਈ ਉਨ੍ਹਾਂ ਪਿੰਡ ਦੇ ਸਰਪੰਚ ਤੇ ਹੋਰ ਮੋਹਤਬਰਾਂ ਨੂੰ ਵੀ ਨਾਲ ਲੈ ਲਿਆ। ਔਰਤ ਦੇ ਘਰ ਪੁੱਜਣ ’ਤੇ ਉਸ ਦਾ ਤਾਇਆ ਸਹੁਰਾ, ਜਿਸ ਦਾ ਵਿਆਹ ਨਹੀਂ ਹੋਇਆ ਹੈ, ਉੱਥੇ ਆ ਕੇ ਅਪੀਲ ਕਰਨ ਲੱਗਿਆ ਕਿ ਫ਼ੈਸਲਾ ਲੈਣ ਤੋਂ ਪਹਿਲਾਂ ਉਸ ਦਾ ਪੱਖ ਵੀ ਸੁਣਿਆ ਜਾਵੇ। ਜਦੋਂ ਉਨ੍ਹਾਂ ਬਜ਼ੁਰਗ ਵਿਅਕਤੀ ਦੀ ਗੱਲ ਸੁਣਨੀ ਚਾਹੀ ਤਾਂ ਸਰਬਜੀਤ ਕੌਰ ਨੇ ਰੌਲਾ ਪਾਉਂਦੇ ਹੋਏ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਸਮੇਤ ਪਿੰਡ ਦੇ ਮੋਹਤਬਰਾਂ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਨੇ ਉਕਤ ਔਰਤ ਨਾਲ ਕਿਸੇ ਤਰ੍ਹਾਂ ਦੀ ਕੋਈ ਵਧੀਕੀ ਨਹੀਂ ਕੀਤੀ।