ਗੁਰਿੰਦਰ ਸਿੰਘ
ਲੁਧਿਆਣਾ, 23 ਅਗਸਤ
ਇੱਥੇ ਗੁਰੂ ਨਾਨਕ ਨਗਰ ਵਿਚ ਕਰੀਬ 10-12 ਹਥਿਆਰਬੰਦ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਕਾਰਨ ਟਰਾਂਸਪੋਰਟਰ ਦੇ ਘਰ ਉਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਇੱਕ ਔਰਤ ’ਤੇ ਬੋਲੇਰੋ ਚਾੜ੍ਹੇ ਜਾਣ ਨਾਲ ਉਸ ਦੀ ਮੌਤ ਹੋ ਗਈ ਜਦਕਿ ਦੋ ਜਣੇ ਜ਼ਖ਼ਮੀ ਹੋ ਗਏ ਹਨ। ਵੇਰਵਿਆਂ ਮੁਤਾਬਕ ਕੁਝ ਦਿਨ ਪਹਿਲਾਂ ਵੀ ਤਕਰਾਰ ਹੋਈ ਸੀ ਤੇ ਪੁਲੀਸ ਨੇ ਥਾਣੇ ਵਿੱਚ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਕਰਾ ਦਿੱਤਾ ਸੀ। ਸ਼ਨਿਚਰਵਾਰ ਰਾਤ ਹਥਿਆਰਬੰਦ ਨੌਜਵਾਨਾਂ ਨੇ ਮੁੜ ਹਮਲਾ ਕਰ ਦਿੱਤਾ ਅਤੇ ਪਿਓ-ਪੁੱਤਰ ਨੂੰ ਜ਼ਖ਼ਮੀ ਕਰਨ ਉਪਰੰਤ ਉਨ੍ਹਾਂ ਦੇ ਬਚਾਅ ਲਈ ਅੱਗੇ ਆਈ ਔਰਤ ਉੱਪਰ ਬੋਲੇਰੋ ਗੱਡੀ ਚਾੜ੍ਹ ਦਿੱਤੀ। ਹਸਪਤਾਲ ਲਿਜਾਣ ਵੇਲੇ ਰਾਹ ਵਿਚ ਹੀ ਉਹ ਦਮ ਤੋੜ ਗਈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਹਮਲਾਵਰ ਗੱਡੀ ਨੂੰ ਇੱਕ ਤੰਗ ਗਲੀ ’ਚ ਵਾੜ ਕੇ ਲੈ ਗਏ ਅਤੇ ਜਦੋਂ ਉਹ ਵਾਪਸ ਜਾਣ ਲੱਗੇ ਤਾਂ ਗਲੀ ਵਿੱਚ ਖੜ੍ਹੀਆਂ ਹੋਰ ਗੱਡੀਆਂ ਨਾਲ ਇਸ ਦੀ ਟੱਕਰ ਹੋ ਗਈ। ਕਈ ਗੱਡੀਆਂ ਨੁਕਸਾਨੀਆਂ ਗਈਆਂ ਹਨ। ਗਲੀ ਵਿੱਚ ਗੱਡੀ ਫਸਣ ਕਾਰਨ ਉਹ ਗੱਡੀ ਛੱਡ ਕੇ ਫ਼ਰਾਰ ਹੋ ਗਏ। ਪੁਲੀਸ ਨੇ ਗੱਡੀ ਕਬਜ਼ੇ ਵਿੱਚ ਲੈ ਲਈ ਅਤੇ ਹਮਲਾਵਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪੁਲੀਸ ਵੱਲੋਂ ਹਮਲਾਵਰਾਂ ’ਤੇ ਧਾਰਾ 307 ਲਗਾਈ ਗਈ ਹੈ ਜਦਕਿ ਔਰਤ ਦੀ ਮੌਤ ਹੋਣ ਕਾਰਨ 302 ਲਾਈ ਜਾਣੀ ਚਾਹੀਦੀ ਸੀ। ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।