ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 18 ਜਨਵਰੀ
‘ਮਹਿਲਾ ਕਿਸਾਨ ਦਿਵਸ’ ਮੌਕੇ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨਾਲ ਸਬੰਧਤ ਔਰਤਾਂ ਵੱਲੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਨਾਰੀ ਹੱਕਾਂ ਤੋਂ ਇਲਾਵਾ ਕਿਸਾਨ ਅੰਦੋਲਨ ਲਈ ਸਰਕਾਰਾਂ ਨੂੰ ਕੰਨ ਧਰਨ ਲਈ ਆਵਾਜ਼ ਬੁਲੰਦ ਕੀਤੀ ਗਈ। ਇਹ ਇਕੱਠ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੀਤਾ ਗਿਆ। ਇਕੱਤਰਤਾ ਦੌਰਾਨ ਮਹਿਲਾਵਾਂ ਨੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਦਿਆਂ ਸੁਨੇਹਾ ਦਿੱਤਾ ਕਿ ਵਿਸ਼ਵ ਦੀ ਸਮੁੱਚੀ ਆਬਾਦੀ ਦਾ ਅੱਧ ਔਰਤਾਂ ਦੀ ਭੂਮਿਕਾ ਕਿਸੇ ਵੀ ਖੇਤਰ ਵਿਚ ਪੁਰਸ਼ਾਂ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਦੋਂ ਵੀ ਹੱਕੀ ਸੰਗਰਾਮ ਛਿੜੇ ਹਨ ਜਾਂ ਛਿੜਨਗੇ, ਉਥੇ ਨਾਰੀ ਸ਼ਕਤੀ ਤਤਪਰਤਾ ਨਾਲ ਆਪਣੇ ਠੋਸ ਵਜੂਦ ਦਾ ਪ੍ਰਦਰਸ਼ਨ ਕਰੇਗੀ। ਕੇਂਦਰ ਸਰਕਾਰ ’ਤੇ ਤਾਨਾਸ਼ਾਹ ਵਤੀਰਾ ਅਪਨਾਉਣ ਦਾ ਦੋਸ਼ ਲਾਉਂਦਿਆਂ ਕਿਹਾ ਗਿਆ ਕਿ ਉਹ ਅੜੀ ਛੱਡ ਕੇ ਅੰਨਦਾਤਿਆਂ ਦੀਆਂ ਮੰਗਾਂ ਨੂੰ ਤਰਜੀਹੀ ਆਧਾਰ ’ਤੇ ਫੌਰੀ ਹੱਲ ਕਰੇ।