ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 28 ਅਕਤੂਬਰ
ਅੱਜ ਦੇ ਦੌਰ ਵਿੱਚ ਜਿੱਥੇ ਮਰਦ ਮੈਂਬਰ ਆਪਣੇ ਪਰਿਵਾਰਾਂ ਦਾ ਢਿੱਡ ਪਾਲਣ ਲਈ ਦਿਨ-ਰਾਤ ਮਿਹਨਤ ਮਜ਼ਦੂਰੀ ਕਰ ਰਹੇ ਹਨ, ਉੱਥੇ ਹੀ ਇਸ ਖੇਤਰ ਵਿੱਚ ਔਰਤਾਂ ਵੀ ਕਾਫ਼ੀ ਯੋਗਦਾਨ ਪਾ ਰਹੀਆਂ ਹਨ। ਇੱਥੋਂ ਲੰਘਦੇ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ’ਤੇ ਸ਼ੰਭੂ ਦੇ ਘਨੌਰ ਚੌਕ ’ਤੇ ਉਸਾਰੇ ਗਏ ਕਰੀਬ 22-24 ਫੁੱਟ ਉੱਚੇ ਪੁਲ ਦੇ ਇਕ ਪਾਸੇ ਢਲਾਣ ’ਤੇ ਉੱਗੇ ਘਾਹ ਦੀ ਕਟਾਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਮਜ਼ਦੂਰ ਔਰਤਾਂ ਹੀ ਕਰ ਰਹੀਆਂ ਹਨ। ਘਾਹ ਦੀ ਕਟਾਈ ਕਰਨ ਸਮੇਂ ਸਬੰਧਤ ਠੇਕੇਦਾਰ ਵੱਲੋਂ ਉਕਤ ਮਜ਼ਦੂਰ ਔਰਤਾਂ ਲਈ ਸੁਰੱਖਿਅਤ ਤੌਰ ’ਤੇ ਕੰਮ ਕਰਨ ਵਾਸਤੇ ਕਿਸੇ ਪੌੜੀ ਜਾਂ ਰੱਸੇ ਦਾ ਕੋਈ ਸਹਾਰਾ ਨਹੀਂ ਦਿੱਤਾ ਜਾਂਦਾ। ਘਾਹ ਦੀ ਕਟਾਈ ਵਿੱਚ ਲੱਗੀਆਂ ਮਜ਼ਦੂਰ ਔਰਤਾਂ ਰਾਮ ਪਿਆਰੀ, ਚੰਦਰਵਤੀ, ਸੁਸ਼ੀਲਾ ਦੇਵੀ, ਸਵਿੱਤਰੀ ਦੇਵੀ, ਚੰਪਾ ਅਤੇ ਰੇਖਾ ਵਾਸੀਆਨ ਸਰਹਿੰਦ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਬਿਹਾਰ ਦੀਆਂ ਵਸਨੀਕ ਹਨ। ਉਨ੍ਹਾਂ ਦੇ ਪਤੀ ਅਤੇ ਪਰਿਵਾਰਾਂ ਦੇ ਹੋਰ ਮਰਦ ਮੈਂਬਰ ਫੈਕਟਰੀਆਂ ਜਾਂ ਹੋਰਨਾਂ ਥਾਵਾਂ ’ਤੇ ਮਜ਼ਦੂਰੀ ਕਰਦੇ ਹਨ ਜਦਕਿ ਉਹ ਖੁਦ ਨੈਸ਼ਨਲ ਹਾਈਵੇਅ ਆਫ਼ ਅਥਾਰਿਟੀ (ਐੱਨਐੱਚਏਆਈ) ਦੇ ਇੱਕ ਠੇਕੇਦਾਰ ਕੋਲ 9 ਹਜ਼ਾਰ ਰੁਪਏ ਪ੍ਰਤੀ ਮਹੀਨੇ ’ਤੇ ਨੌਕਰੀ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਸਵੇਰੇ ਹੀ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਜਾਂ ਸਕੂਲ ਪੜ੍ਹਨ ਵਾਲਿਆਂ ਨੂੰ ਸਕੂਲ ਭੇਜ ਕੇ ਠੇਕੇਦਾਰ ਦੀ ਗੱਡੀ ਰਾਹੀਂ ਮਜ਼ਦੂਰੀ ਕਰਨ ਲਈ ਇੱਥੇ ਪਹੁੰਚ ਜਾਂਦੀਆਂ ਹਨ ਅਤੇ ਫਿਰ ਦਿਨ ਭਰ ਓਵਰਬ੍ਰਿਜ ਦੀ 22-24 ਫੁੱਟ ਉੱਚੀ ਸਾਈਡ ਢਲਾਣ ’ਤੇ ਖੜ੍ਹੇ ਘਾਹ ਦੀ ਕਟਾਈ ਕਰਦੀਆਂ ਹਨ। ਜਦੋਂ ਉਨ੍ਹਾਂ ਨੂੰ ਇਹ ਕੰਮ ਕਰਦੇ ਸਮੇਂ ਠੇਕੇਦਾਰ ਵੱਲੋਂ ਲੋੜੀਂਦੇ ਸੁਰੱਖਿਆ ਪ੍ਰਬੰਧ ਮੁਹੱਈਆ ਨਾ ਕਰਵਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਢਿੱਡ ਪਾਲਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਐੱਨ.ਐੱਚ.ਏ.ਆਈ ਵੱਲੋਂ ਉਨ੍ਹਾਂ ਦੀ ਨੌਕਰੀ ਰੈਗੂਲਰ ਕੀਤੀ ਜਾਵੇ। ਐੱਨਐੱਚਏਆਈ ਦੇ ਅੰਬਾਲਾ ਡਿਵੀਜ਼ਨ ਮੈਨੇਜਰ ਪੁਲਕਿਤ ਮਾਕਨ ਨੇ ਕਿਹਾ ਕਿ ਮਜ਼ਦੂਰ ਔਰਤਾਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਏ ਬਗੈਰ ਕੰਮ ਕਰਵਾਉਣ ਸਬੰਧੀ ਮਾਮਲੇ ਦੀ ਉਹ ਜਾਂਚ ਕਰਨਗੇ। ਜਾਂਚ ਕਰਵਾ ਕੇ ਸਬੰਧਤ ਠੇਕੇਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।