ਜਸਬੀਰ ਸ਼ੇਤਰਾ
ਜਗਰਾਉਂ, 10 ਫਰਵਰੀ
ਕੇਂਦਰੀ ਵਿਦੇਸ਼ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਰਾਜ ਮੰਤਰੀ ਮੀਨਾਕਸ਼ੀ ਲੇਖੀ ਅੱਜ ਇੱਥੋਂ ਨੇੜਲੀ ਨਾਨਕਸਰ ਸੰਪਰਦਾ ਦੀ ਮੁੱਖ ਠਾਠ ਨਾਨਕਸਰ ਕਲੇਰਾਂ ਵਿਖੇ ਨਤਮਸਤਕ ਹੋਏ। ਉਨ੍ਹਾਂ ਮੱਥਾ ਟੇਕਣ ਤੇ ਅਰਦਾਸ ਕਰਨ ਉਪਰੰਤ ਬਾਬਾ ਲੱਖਾ ਸਿੰਘ ਨਾਨਕਸਰ ਕੋਲੋਂ ਆਸ਼ੀਰਵਾਦ ਲਿਆ। ਇਸ ਮਗਰੋਂ ਮੀਨਾਕਸ਼ੀ ਲੇਖੀ ਨੇ ਬਾਬਾ ਲੱਖਾ ਸਿੰਘ ਨਾਲ ਕੁਝ ਦੇਰ ਬੰਦ ਕਮਰਾ ਮੀਟਿੰਗ ਵੀ ਕੀਤੀ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਵਿਜੈ ਸਾਂਪਲਾ ਵੀ ਬਾਬਾ ਲੱਖਾ ਸਿੰਘ ਕੋਲ ਪੁੱਜੇ ਸਨ ਅਤੇ ਗੁਪਤ ਮੀਟਿੰਗ ਕੀਤੀ ਸੀ। ਇਹ ਵੀ ਜ਼ਿਕਰਯੋਗ ਹੈ ਕਿ ਬਾਬਾ ਲੱਖਾ ਸਿੰਘ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਚੱਲੇ ਸੰਘਰਸ਼ ਦੌਰਾਨ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਮਗਰੋਂ ਉਨ੍ਹਾਂ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਪਿੱਛੇ ਹਟ ਗਏ ਸਨ।
ਅੱਜ ਨਾਨਕਸਰ ਵਿਖੇ ਮੱਥਾ ਟੇਕਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਲੇਖੀ ਨੇ ਆਖਿਆ ਕਿ ਉਹ ਨਾਨਕਸਰ ਸੰਪਰਦਾ ਦੇ ਬਾਨੀ ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਨੂੰ ਬਹੁਤ ਮੰਨਦੇ ਹਨ ਅਤੇ ਦਿੱਲੀ ਸਥਿਤ ਗੁਰਦੁਆਰਾ ਨਾਨਕਸਰ ਵਿਖੇ ਵੀ ਲਗਾਤਾਰ ਜਾਂਦੇ ਹਨ। ਉਨ੍ਹਾਂ ਜਗਰਾਉਂ ਦੀ ਧਰਤੀ ਨੂੰ ਪਵਿੱਤਰ ਤੇ ਇਤਿਹਾਸਕ ਦੱਸਿਆ ਜਿਥੇ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਤੇ ਲਾਲਾ ਲਾਜਪਤ ਰਾਏ ਨੇ ਜਨਮ ਲਿਆ ਤੇ ਜੀਵਨ ਬਤੀਤ ਕੀਤਾ। ਉਨ੍ਹਾਂ ਆਪਣੇ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਵੱਲੋਂ ਸਿੱਖ ਧਰਮ ਲਈ ਕੀਤੇ ਕਾਰਜਾਂ ਨੂੰ ਵੀ ਗਿਣਾਇਆ।