ਕੁਲਦੀਪ ਸਿੰਘ/ਪੱਤਰ ਪ੍ਰੇਰਕ
ਚੰਡੀਗੜ੍ਹ/ਮੁਹਾਲੀ, 6 ਜੁਲਾਈ
ਮੁੱਖ ਮੰਤਰੀ ਦੀ ਵਾਅਦਾਖ਼ਿਲਾਫ਼ੀ ਅਤੇ ਪੰਜਾਬ ਸਰਕਾਰ ਦੀ ਟਾਲ-ਮਟੋਲ ਨੀਤੀ ਖ਼ਿਲਾਫ਼ ਕੱਚੇ ਅਧਿਆਪਕਾਂ ਨੇ ਅੱਜ ਦੂਜੀ ਵਾਰ ਮੁੱਖ ਮੰਤਰੀ ਦੀ ਕੋਠੀ ਘੇਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਪਰ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਪਿਛਲੀ ਵਾਰ ਵਾਂਗ ਪੰਜਾਬ ਪੁਲੀਸ ਨੇ ਅਧਿਆਪਕਾਂ ਨੂੰ ਮੁਹਾਲੀ ਤੋਂ ਤਾਂ ਲੰਘਾ ਦਿੱਤਾ ਪਰ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ। ਇਸ ਦੌਰਾਨ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਵੀ ਕੀਤਾ। ਕਈ ਅਧਿਆਪਕਾਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਸ ਦੌਰਾਨ ਅਧਿਆਪਕ ਆਗੂਆਂ ਨੇ ਕਿਹਾ ਕਿ ਕਿ ਵੱਡੀ ਗਿਣਤੀ ਵਿੱਚ ਅਧਿਆਪਕ ਵੱਖ-ਵੱਖ ਸਕੀਮਾਂ ਰਾਹੀਂ ਪਿਛਲੇ ਲਗਪਗ 15-17 ਸਾਲਾਂ ਤੋਂ 6 ਤੋਂ 11 ਹਜ਼ਾਰ ਰੁਪਏ ਦੀਆਂ ਨਿਗੂਣੀਆਂ ਤਨਖਾਹਾਂ ਉਤੇ ਕੰਮ ਕਰਦੇ ਆ ਰਹੇ ਹਨ ਅਤੇ ਹੁਣ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਲਈ ਸੜਕਾਂ ਉੱਤੇ ਰੁਲ਼ਣ ਲਈ ਮਜਬੂਰ ਹਨ।
29 ਜੂਨ ਦੇ ਰੋਸ ਮਾਰਚ ਦੌਰਾਨ ਅਧਿਆਪਕ ਚੰਡੀਗੜ੍ਹ ਪੁਲੀਸ ਦੇ ਬੈਰੀਕੇਡ ਤੋੜ ਕੇ ਅੱਗੇ ਵਧ ਗਏ ਸਨ ਪਰ ਅੱਜ ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਖੁਦ ਮੋਰਚਾ ਸੰਭਾਲਿਆ। ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ, ਦਵਿੰਦਰ ਸਿੰਘ, ਰੀਤੂ ਬਾਲਾ ਕਪੂਰਥਲਾ, ਅਮਨਦੀਪ ਕੌਰ, ਰਵਨੀਤ ਕੌਰ, ਗਗਨਦੀਪ ਕੌਰ ਅਬੋਹਰ, ਗੁਰਪ੍ਰੀਤ ਕੌਰ ਅਤੇ ਜੁਝਾਰ ਸਿੰਘ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ, ਈਜੀਐੱਸ, ਐੱਸਟੀਆਰ, ਏਆਈਈ ਅਤੇ ਆਈਈਵੀ ਵਲੰਟੀਅਰ ਪੱਕੀ ਨੌਕਰੀ ਲਈ ਪਿਛਲੇ 21 ਦਿਨਾਂ ਤੋਂ ਮੁਹਾਲੀ ਸਥਿਤ ਸਿੱਖਿਆ ਸਕੱਤਰ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰ ਰਹੇ ਹਨ। 29 ਜੂਨ ਨੂੰ ਰੋਸ ਮਾਰਚ ਦੌਰਾਨ ਅਧਿਆਪਕਾਂ ਦੇ ਵਫ਼ਦ ਨਾਲ ਮੁਲਾਕਾਤ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਕੈਪਟਨ ਸੰਦੀਪ ਸੰਧੂ ਨੇ ਭਰੋਸਾ ਦਿੱਤਾ ਸੀ ਕਿ ਛੇ ਜੁਲਾਈ ਨੂੰ 11 ਵਜੇ ਪੰਜਾਬ ਭਵਨ ਵਿੱਚ ਸਿੱਖਿਆ ਮੰਤਰੀ, ਵਿੱਤ ਮੰਤਰੀ, ਪ੍ਰਮੁੱਖ ਸਕੱਤਰ, ਸਿੱਖਿਆ ਸਕੱਤਰ ਸਮੇਤ ਉਚ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ ਪਰ ਅੱਜ ਜਦੋਂ ਵਾਅਦੇ ਮੁਤਾਬਕ ਅਧਿਆਪਕਾਂ ਦਾ ਵਫ਼ਦ ਮੀਟਿੰਗ ਲਈ ਗਿਆ ਤਾਂ ਉਥੇ ਖਜ਼ਾਨਾ ਮੰਤਰੀ ਸਮੇਤ ਹੋਰ ਕਈ ਉੱਚ ਅਧਿਕਾਰੀ ਸ਼ਾਮਲ ਨਹੀਂ ਹੋਏ। ਇਸ ਤੋਂ ਖਫ਼ਾ ਹੋ ਕੇ ਉਨ੍ਹਾਂ ਨੂੰ ਵਾਪਸ ਆ ਕੇ ਇਹ ਰੋਸ ਮਾਰਚ ਕਰਨਾ ਲਈ ਮਜਬੂਰ ਹੋਣਾ ਪਿਆ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੁਪਰਡੈਂਟ ਰਾਹੀਂ ਪੱਤਰ ਜਾਰੀ ਕਰ ਕੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰ, ਈਜੀਐੱਸ, ਐੱਸਟੀਆਰ, ਏਆਈਈ ਅਤੇ ਆਈਈਵੀ ਵਾਲੰਟੀਅਰਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਲਈ ਭਲਕੇ ਸੱਤ ਜੁਲਾਈ ਨੂੰ ਪੰਜਾਬ ਸਿਵਲ ਸਕੱਤਰੇਤ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ ਹੈ।
18 ਅਧਿਆਪਕ ਹਸਪਤਾਲ ਦਾਖਲ; ਇੱਕ ਦੀ ਹਾਲਤ ਗੰਭੀਰ
ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਵੱਜਣ ਕਾਰਨ ਜ਼ਖ਼ਮੀ ਹੋਏ 18 ਅਧਿਆਪਕ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ’ਚੋਂ ਇਕ ਅਧਿਆਪਕ ਕੁਲਦੀਪ ਸਿੰਘ ਮੂਨਕ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬਲਜੀਤ ਕੌਰ ਅਬੋਹਰ, ਕੁਲਦੀਪ ਸਿੰਘ ਬਰਨਾਲਾ, ਪਰਮਿੰਦਰ ਸਿੰਘ ਰੂਪਨਗਰ, ਗੁਰਮੁੱਖ ਸਿੰਘ ਅੰਮ੍ਰਿਤਸਰ, ਸੁਨੀਲ ਕੁਮਾਰ ਮਲੌਟ ਦੇ ਸੱਟਾਂ ਲੱਗੀਆਂ ਹਨ। ਵੀਰਪਾਲ ਕੌਰ ਲਹਿਰਾਗਾਗਾ, ਜਗਸੀਰ ਸਿੰਘ ਮਾਨਸਾ ਤੇ ਸੋਨੀਆ ਤਰਨ ਤਾਰਨ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ