ਕੋਟਕਪੂਰਾ (ਟਨਸ): ਇਥੇ ਸਥਾਨਕ ਜਲਾਲੇਆਣਾ ਰੋਡ ’ਤੇ ਵਾਪਰੀ ਗੈਂਗਵਾਰ ਦੀ ਘਟਨਾ ਦੌਰਾਨ ਦੁਵੱਲੀ ਫ਼ਾਇਰਿੰਗ ਵਿੱਚ ਇੱਕ ਨੌਜਵਾਨ ਦੀ ਮੌਤ ਗਈ ਹੈ। ਮ੍ਰਿਤਕ ਦੀ ਪਛਾਣ ਦੀਪਕ ਸਿੰਘ ਪੁੱਤਰ ਬੱਚੂ ਸਿੰਘ ਵਾਸੀ ਪਿੰਡ ਫਿਰੋਜ਼ਪੁਰ ਰਾਜਪੂਤ ਜ਼ਿਲ੍ਹਾ ਪਲਵਲ (ਹਰਿਆਣਾ) ਵਜੋਂ ਹੋਈ ਹੈ। ਮ੍ਰਿਤਕ ਦੇ ਸਿਰ ਵਿੱਚ ਗੋਲੀਆਂ ਵੱਜਣ ਕਰ ਕੇ ਉਸਨੇ ਹਸਪਤਾਲ ’ਚ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਸੀਆਈਏ ਸਟਾਫ ਫ਼ਰੀਦਕੋਟ ਤੇ ਜ਼ਿਲ੍ਹਾ ਫੋਰੈਂਸਿਕ ਦੀ ਟੀਮ ਜਾਂਚ ਵਿੱਚ ਜੁਟੀ ਹੋਈ ਹੈ। ਪੁਲੀਸ ਨੂੰ ਮੌਕੇ ਤੋਂ ਲਗਪੱਗ 15 ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਮਿਲੇ ਹਨ। ਜਾਣਕਾਰੀ ਅਨੁਸਾਰ ਘਟਨਾ ਕਰੀਬ ਸਵੇਰੇ ਗਿਆਰ੍ਹਾਂ ਵਜੇ ਦੀ ਦੱਸੀ ਜਾ ਰਹੀ ਹੈ। ਮੁਲਜ਼ਮ ਆਪਣੀ ਕਾਰ ਵਿੱਚ ਜਲਾਲੇਆਣਾ ਰੋਡ ਨਜ਼ਦੀਕ ਮਿਨੀ ਸਿਨੇਮਾ ਕੋਲ ਆਏ ਸਨ, ਇਸ ਦੌਰਾਨ ਦੋ ਮੁਲਜ਼ਮ ਮੋਟਰਸਾਈਕਲ ’ਤੇ ਆਏ ਸਨ। ਇਸੇ ਦੌਰਾਨ ਦੋਵਾਂ ਪਾਸਿਓਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਪੂਰਾ ਇਲਾਕਾ ਦਹਿਸ਼ਤ ਵਿੱਚ ਆ ਗਿਆ। ਇਸ ਗੈਂਗਵਾਰ ਵਿੱਚ ਮਰਨ ਵਾਲਾ ਨੌਜਵਾਨ ਦੀਪਕ ਉਸ ਵੇਲੇ ਆਪਣੇ ਇਕ ਹੋਰ ਸਾਥੀ ਰਵੇਲ ਸਿੰਘ ਵਾਸੀ ਪਿੰਡ ਵਾੜਾ ਦਰਾਕਾ ਨਾਲ ਸੀ। ਪੁਲੀਸ ਸੂਤਰਾਂ ਮੁਤਾਬਕ ਮੁਲਜ਼ਮਾਂ ਨੇ ਰਵੇਲ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਮ੍ਰਿਤਕ ਦੀ ਜੇਬ ਵਿੱਚੋਂ ਗੋਲੀਆਂ ਬਰਾਮਦ ਹੋਣ ਬਾਰੇ ਵੀ ਚਰਚੇ ਹਨ। ਕਰੀਬ 25 ਵਰ੍ਹਿਆਂ ਦੇ ਇਸ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਪ੍ਰੰਤੂ ਉਸਨੇ ਦਮ ਤੋੜ ਦਿੱਤਾ।