ਗੁਰਪ੍ਰੀਤ ਦੌਧਰ
ਅਜੀਤਵਾਲ, 13 ਜੂਨ
ਇਰਾਨ ਵਿੱਚ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਛੁਟਿਆ ਮੋਗਾ ਜ਼ਿਲ੍ਹੇ ਦਾ ਨੌਜਵਾਨ ਇਸ ਦੇਸ਼ ਦੀ ਰਾਜਧਾਨੀ ਤਹਿਰਾਨ ਵਿੱਚ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਖੱਜਲ-ਖ਼ੁਆਰ ਹੋ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੌਧਰ ਰਗਬੀ ਦਾ ਵਸਨੀਕ ਮਨਜਿੰਦਰ ਸਿੰਘ ਪੁੱਤਰ ਮਰਹੂਮ ਕੁਲਵਿੰਦਰ ਸਿੰਘ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਕਤਰ ਦੀ ਰਾਜਧਾਨੀ ਦੋਹਾ ਵਿੱਚ ਗਿਆ ਸੀ, ਜਿੱਥੋਂ ਉਹ 22 ਮਾਰਚ ਨੂੰ ਇਰਾਨ ਚਲਾ ਗਿਆ। ਇੱਥੇ ਡਲਗੋਨ ਸ਼ਹਿਰ ਵਿੱਚ ਉਸ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਅਤੇ ਵੀਹ ਲੱਖ ਰੁਪਏ ਦੀ ਫਿਰੌਤੀ ਮੰਗੀ। ਅਗਵਾਕਾਰਾਂ ਕੋਲ ਆਧੁਨਿਕ ਹਥਿਆਰ ਸਨ ਤੇ ਉਸ ਨੂੰ ਛੇ ਦਿਨ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਤੇ ਉਸ ਤਸ਼ੱਦਦ ਵੀ ਢਾਹਿਆ ਗਿਆ। ਪਰਿਵਾਰ ਨੇ ਆਪਣੇ ਪੁੱਤਰ ਦੀ ਸਲਾਮਤੀ ਲਈ 10.50 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਅਗਵਾਕਾਰਾਂ ਨੂੰ ਦਿੱਤੇ, ਪਰ ਉਨ੍ਹਾਂ ਹੋਰ ਪੈਸਿਆਂ ਦੀ ਮੰਗ ਕੀਤੀ। ਇਸ ਦੌਰਾਨ ਨੌਜਵਾਨ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਬਚ ਨਿਕਲਿਆ ਤੇ ਦੋ ਹਜ਼ਾਰ ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕਰ ਕੇ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਸਥਿਤ ਭਾਰਤੀ ਸਫ਼ਾਰਤਖਾਨੇ ਕੋਲ ਪੁੱਜ ਗਿਆ, ਪਰ ਉਸ ਨੂੰ ਸਫ਼ਾਰਤਖ਼ਾਨੇ ਅੰਦਰ ਨਹੀਂ ਜਾਣ ਦਿੱਤਾ ਗਿਆ। ਮਨਜਿੰਦਰ ਸਿੰਘ ਨੇ ਇਸ ਪੱਤਰਕਾਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਅਗਵਾ ਹੋਣ ਤੋਂ ਕੁਝ ਸਮੇਂ ਬਾਅਦ ਹੀ ਭਾਰਤੀ ਅੰਬੈਸੀ ਨੂੰ ਈ-ਮੇਲ ਕੀਤੀ ਸੀ, ਪਰ ਉਧਰੋਂ ਕੋਈ ਜਵਾਬ ਨਹੀਂ ਆਇਆ ਅਤੇ ਨਾ ਹੀ ਮਦਦ ਕੀਤੀ ਗਈ। ਉਸ ਨੇ ਦੱਸਿਆ ਕਿ ਉਹ ਚਾਰ ਹਫ਼ਤੇ ਤੋਂ ਇੱਥੇ ਰੁਲ ਰਿਹਾ ਹੈ। ਭਾਰਤੀ ਸਫ਼ਾਰਤਖ਼ਾਨੇ ਨੇ ਭਾਰਤ ਭੇਜਣ ਲਈ ਉਸ ਤੋਂ ਪੰਜ ਸੌ ਡਾਲਰ ਦੀ ਮੰਗ ਕੀਤੀ ਹੈ। ਮਨਜਿੰਦਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ। ਉਸ ਦਾ ਇਲਾਜ ਤੱਕ ਨਹੀਂ ਕਰਵਾਇਆ। ਨੌਜਵਾਨ ਦੀ ਮਾਤਾ ਬਲਵਿੰਦਰ ਕੌਰ ਅਤੇ ਭੈਣ ਸੰਦੀਪ ਕੌਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨਜਿੰਦਰ ਸਿੰਘ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਆਪਣੀ ਸਾਰੀ ਕਮਾਈ ਅਗਵਾਕਾਰਾਂ ਨੂੰ ਦੇ ਦਿੱਤੀ ਹੈ, ਹੁਣ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਬਚਿਆ।