ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਮਾਰਚ
ਕੌਮੀ ਪੱਧਰ ’ਤੇ ਜਲੰਧਰ ਨੂੰ ਸੁਰੱਖਿਅਤ ਸ਼ਹਿਰਾਂ ’ਚ ਗਿਣੇ ਜਾਣ ਦੇ ਅਗਲੇ ਦਿਨ ਹੀ ਇੱਕ ਨੌਜਵਾਨ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਉਰਫ ਟਿੰਕੂ ਪੁੱਤਰ ਸੁਰਿੰਦਰ ਸਿੰਘ ਵਾਸੀ ਸੋਢਲ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਜਦੋਂ ਪ੍ਰੀਤ ਨਗਰ ਵਿੱਚ ਆਪਣੀ ਦੁਕਾਨ ’ਤੇ ਬੈਠਾ ਸੀ ਤਾਂ ਉਥੇ ਕਾਰ ’ਚ ਪੰਜ ਨਕਾਬਪੋਸ਼ ਨੌਜਵਾਨ ਪਹੁੰਚੇ। ਇਨ੍ਹਾਂ ’ਚੋਂ ਇੱਕ ਕਾਰ ਵਿੱਚ ਹੀ ਬੈਠਾ ਰਿਹਾ ਤੇ ਚਾਰ ਜਣੇ ਦੁਕਾਨ ਅੰਦਰ ਆਏ ਤੇ ਇਨ੍ਹਾਂ ’ਚੋਂ ਇੱਕ ਨੇ ਜਾਂਦਿਆਂ ਹੀ ਗੋਲੀ ਚਲਾ ਦਿੱਤੀ। ਗੁਰਮੀਤ ਆਪਣੀ ਜਾਨ ਬਚਾਉਣ ਲਈ ਦੌੜ ਕੇ ਦੁਕਾਨ ਦੀ ਉੱਪਰਲੀ ਮੰਜ਼ਲ ’ਤੇ ਚਲਾ ਗਿਆ, ਜਿੱਥੇ ਨਕਾਬਪੋਸ਼ਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਮ੍ਰਿਤਕ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਉਰਫ ਟਿੰਕੂ ਦੀ ਜਨਵਰੀ ਮਹੀਨੇ ਵਿੱਚ ਪੁਨੀਤ ਨਾਂ ਦੇ ਨੌਜਵਾਨ ਨਾਲ ਲੜਾਈ ਹੋ ਗਈ ਸੀ। ਇਸ ਘਟਨਾ ਵਿੱਚ ਰਾਜ਼ੀਨਾਮਾ ਕਰਵਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਪੁਨੀਤ ਸ਼ਰ੍ਹੇਆਮ ਗੁਰਮੀਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਉਸ ਨੇ ਦੋਸ਼ ਲਾਇਆ ਕਿ ਅੱਜ ਪੁਨੀਤ ਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ’ਤੇ ਉਸ ਦੇ ਪੁੱਤਰ ’ਤੇ ਹਮਲਾ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਡੀਸੀਪੀ ਗੁਰਮੀਤ ਸਿੰਘ ਤੇ ਏਸੀਪੀ ਸੁਖਜਿੰਦਰ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲੀਸ ਨੇ ਦੱਸਿਆ ਕਿ ਹਮਲਾਵਰਾਂ ਵਿੱਚ ਪੁਨੀਤ ਸਮੇਤ ਇੱਕ ਮੱਲ੍ਹੀ ਨਾਂ ਦਾ ਨੌਜਵਾਨ ਵੀ ਹੈ, ਜਦਕਿ ਤਿੰਨ ਅਣਪਛਾਤੇ ਹਨ।