ਪੱਤਰ ਪ੍ਰੇਰਕ
ਫਗਵਾੜਾ, 28 ਜੁਲਾਈ
ਪਿੰਡ ਬੋਹਾਨੀ ਵਿੱਚ ਬੀਤੀ ਰਾਤ ਪਿੰਡ ਦੇ ਇੱਕ ਨੌਜਵਾਨ ਸੰਦੀਪ ਨੇ ਕਰਿਆਨੇ ਦੀ ਦੁਕਾਨ ਚਲਾਉਂਦੇ ਗੁਰਦੀਪ ਸਿੰਘ (70) ਦਾ ਸਿਰ ’ਤੇ ਰਾਡ ਮਾਰ ਕੇ ਕਤਲ ਕਰ ਦਿੱਤਾ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੰਦੀਪ ਨੇ ਜਦੋਂ ਦੁਕਾਨਦਾਰ ਗੁਰਦੀਪ ਕੋਲੋਂ ਕੁਝ ਸਾਮਾਨ ਉਧਾਰ ਮੰਗਿਆ ਤਾਂ ਦੁਕਾਨਦਾਰ ਨੇ ਮਨ੍ਹਾਂ ਕਰ ਦਿੱਤਾ। ਇਸੇ ਗੱਲ ਤੋਂ ਗੁੱਸੇ ਵਿੱਚ ਆਇਆ ਨੌਜਵਾਨ ਦੁਕਾਨਦਾਰ ਦੇ ਸਿਰ ’ਤੇ ਰਾਡ ਮਾਰ ਕੇ ਫ਼ਰਾਰ ਹੋ ਗਿਆ। ਦੁਕਾਨਦਾਰ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।