ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੁਲਾਈ
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਯੂਥ ਅਕਾਲੀ ਦਲ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਨੌਜਵਾਨ ਮਿਲਣੀ ਪ੍ਰੋਗਰਾਮ ਆਰੰਭੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਤੇ ਪੰਜਾਬੀਅਤ ਲਈ ਕੰਮ ਕਰਨ ਵਾਸਤੇ ਯੂਥ ਅਕਾਲੀ ਦਲ ਦੀ ਹਮਾਇਤ ਕੀਤੀ ਜਾਵੇ। ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਝਿੰਜਰ ਨੇ ਕਿਹਾ ਕਿ ਨੌਜਵਾਨ ਮਿਲਣੀ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਵਰਗ ਦੀਆਂ ਸ਼ਿਕਾਇਤਾਂ ਸੁਣਨਾ ਤੇ ਉਨ੍ਹਾਂ ਦੇ ਸੁਝਾਅ ਨੋਟ ਕਰਨਾ ਹੈ। ਇਸ ਸਬੰਧੀ ਉਨ੍ਹਾਂ ਸਾਰੇ ਹਲਕਿਆਂ ਵਿੱਚ ਤਿੰਨ ਮਹੀਨੇ ਲਈ ਇਸ ਮੁਹਿੰਮ ਤਹਿਤ ਮੀਟਿੰਗਾਂ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਗਰੋਂ ਨੌਜਵਾਨਾਂ ਦੇ ਮਸਲੇ ਹੱਲ ਕਰਨ ਲਈ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ। ਸ੍ਰੀ ਝਿੰਜਰ ਨੇ ਇਸ ਤਹਿਤ ਨਸ਼ਿਆਂ ਦੇ ਪਾਸਾਰ ਨੂੰ ਠੱਲ੍ਹਣ ਅਤੇ ਵਾਤਾਵਰਨ ਸਬੰਧੀ ਸਮੱਸਿਆਵਾਂ ਵੀ ਹੱਲ ਕੀਤੀਆਂ ਜਾਣਗੀਆਂ। ਝਿੰਜਰ ਨੇ ਕਿਹਾ ਕਿ ਯੂਥ ਅਕਾਲੀ ਦਲ ‘ਆਪ’ ਸਰਕਾਰ ਵੱਲੋਂ ਨੌਜਵਾਨਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਦੇ ਵੀ ਜਵਾਬ ਮੰਗੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਲੱਖਾਂ ਦੀ ਗਿਣਤੀ ਵਿੱਚ ਨੌਕਰੀਆਂ ਕੱਢੀਆਂ ਜਾਣਗੀਆਂ, ਪਰ ਅੱਜ ਤੱਕ ਇਹ ਵਾਅਦਾ ਵਫ਼ਾ ਨਹੀਂ ਕੀਤਾ ਗਿਆ, ਜਿਸ ਕਾਰਨ ਨੌਜਵਾਨ ਵਰਗ ਨਿਰਾਸ਼ਾ ਵੱਲ ਵੱਧ ਰਿਹਾ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਜਦੋਂ ਵੀ ਨੌਜਵਾਨ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਚੁੱਕਦੇ ਹਨ ਤਾਂ ਉਨ੍ਹਾਂ ’ਤੇ ਤਸ਼ੱਦਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਪੰਜਾਬ ਤੋਂ ਬਾਹਰਲਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।