ਬਲਵਿੰਦਰ ਸਿੰਘ ਭੰਗੂ
ਭੋਗਪੁਰ, 23 ਸਤੰਬਰ
ਇਥੇ ਰੰਜਿਸ਼ ਕਾਰਨ ਅੱਧੀ ਦਰਜਨ ਵਿਅਕਤੀਆਂ ਨੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਸਪਾਲ ਸਿੰਘ ਉਰਫ ਸ਼ਾਲੂ ਪੁੱਤਰ ਹਰਜੀਤ ਸਿੰਘ ਬੀਤੀ ਰਾਤ 11 ਵਜੇ ਆਪਣੇ ਦੋਸਤ ਦੇ ਮੋਟਰਸਾਈਕਲ ’ਤੇ ਭੋਗਪੁਰ ਸ਼ਹਿਰ ਤੋਂ ਇੱਕ ਕਿਲੋਮੀਟਰ ਦੂਰ ਫਾਰਮ ਹਾਊਸ ਨੂੰ ਜਾ ਰਿਹਾ ਸੀ, ਜਦੋਂ ਉਹ ਸ਼ਹਿਰ ਵਿੱਚ ਸਥਿਤ ਮਾਤਾ ਰਾਣੀ ਮੰਦਰ (ਨਜ਼ਦੀਕ ਪਿੰਡ ਮੋਗਾ ਨੂੰ ਜਾਂਦੀ ਸੜਕ ਉੱਪਰ ਬਣੇ ਰੇਲਵੇ ਫਾਟਕ) ਨੇੜੇ ਪਹੁੰਚਿਆ ਤਾਂ ਕੁਝ ਨੌਜਵਾਨਾਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਫ਼ਰਾਰ ਹੋ ਗਏ। ਇਸ ਕਾਰਨ ਸ਼ਾਲੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਜਾਇਜ਼ਾ ਲਿਆ। ਪੁਲੀਸ ਟੀਮ ਨੇ ਤਕਨੀਕੀ ਪੱਖਾਂ ਨਾਲ 12 ਘੰਟਿਆਂ ਦੇ ਅੰਦਰ ਅੰਦਰ ਛੇ ਮੁਲਜ਼ਮਾਂ ਦੀ ਪਛਾਣ ਕੀਤੀ, ਜਿਨ੍ਹਾਂ ਵਿਚੋਂ ਪੁਲੀਸ ਨੇ ਤਿੰਨ ਜਣਿਆਂ ਗੁਰਜੀਤ ਸਿੰਘ, ਰਵੀ ਕੁਮਾਰ ਤੇ ਗੁਰਪੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਅਮਰੀਕ ਸਿੰਘ ਤੇ ਬੱਬੂ ਤੇ ਸ਼ਨੀ ਫ਼ਰਾਰ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਲੂ ਦਾ ਸਿਵਲ ਹਸਪਤਾਲ ਤੋਂ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਜਾਵੇਗੀ।