ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 18 ਜੁਲਾਈ
ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਅੱਗੇ 12 ਜੁਲਾਈ ਨੂੰ ਸੜਕ ’ਤੇ ਖੜ੍ਹੀ ਕਾਰ ਵਿੱਚ ਪਿੰਡ ਕਾਂਝਲਾ ਦਾ ਨੌਜਵਾਨ ਲਖਵਿੰਦਰ ਸਿੰਘ ਗੋਲੀ ਵੱਜਣ ਕਾਰਨ ਜ਼ਖ਼ਮੀ ਹੋ ਗਿਆ ਸੀ ਜਿਸ ਦੀ ਪੀਜੀਆਈ ਵਿੱਚ ਮੌਤ ਹੋ ਗਈ। ਪੁਲੀਸ ਨੇ ਲਖਵਿੰਦਰ ਸਿੰਘ ’ਤੇ ਖੁਦਕੁਸ਼ੀ ਕਰਨ ਅਤੇ ਨਾਜਾਇਜ਼ ਅਸਲਾ ਰੱਖਣ ਸਬੰਧੀ ਕੇਸ ਦਰਜ ਕੀਤਾ ਪਰ ਪਰਿਵਾਰ ਅਨੁਸਾਰ ਸ਼ੱਕੀ ਖ਼ਿਲਾਫ਼ ਕਾਰਵਾਈ ਨਾ ਕੀਤੀ ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਵੱਲੋਂ ਪੁਲੀਸ ਚੌਂਕੀ ਬਡਰੁੱਖਾਂ ਅੱਗੇ ਧਰਨਾ ਲਗਾਇਆ ਗਿਆ। ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਅਤੇ ਭਰਾ ਰਾਜਵਿੰਦਰ ਸਿੰਘ ਨੇ ਲੌਂਗੋਵਾਲ ਵਿੱਚ ਤਾਇਨਾਤ ਮਹਿਲਾ ਪੁਲੀਸ ਕਰਮਚਾਰੀ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਲਖਵਿੰਦਰ ਸਿੰਘ ਦਾ ਕਤਲ ਕੀਤਾ ਹੈ। ਉਨ੍ਹਾਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਰਖ਼ਾਸਤ ਦੇ ਕੇ ਇਸ ਮਹਿਲਾ ਕਰਮਚਾਰੀ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਅਨੁਸਾਰ ਇਸ ਮਹਿਲਾ ਕਰਮਚਾਰੀ ਅਤੇ ਉਨ੍ਹਾਂ ਦੇ ਲੜਕੇ ਦੇ ਆਪਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਬੰਧ ਸਨ। ਇਸ ਸਬੰਧੀ ਦੱਸਣ ’ਤੇ ਪੁਲੀਸ ਵੱਲੋਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।
ਚੌਕੀ ਇੰਚਾਰਜ ਅਮਨਦੀਪ ਕੌਰ ਮੁਤਾਬਕ ਲਖਵਿੰਦਰ ਸਿੰਘ ਦੇ ਸਿਰ ਵਿੱਚ ਗੋਲੀ ਵੱਜੀ ਸੀ ਅਤੇ ਗੋਲੀ ਲੱਗਣ ਦਾ ਕਾਰਨ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲੀਸ ਵੱਲੋਂ ਕਾਰ ਅਤੇ ਪਿਸਤੌਲ ਤੋਂ ਇਲਾਵਾ ਮੋਬਾਈਲ ਫੋਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਕਪਤਾਨ ਰਾਕੇਸ਼ ਕੁਮਾਰ ਅਤੇ ਇੰਸਪੈਕਟਰ ਦੀਪਇੰਦਰ ਸਿੰਘ ਜੈਜੀ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਤਹਿਤ ਡੀਡੀਆਰ ਕੱਟ ਦਿੱਤੀ ਗਈ ਹੈ। ਪੋਸਟਮਾਰਟਮ ਅਤੇ ਫੋਰੈਂਸਿਕ ਲੈਬਾਰਟਰੀ ਚੰਡੀਗੜ੍ਹ ਤੋਂ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।