ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਾਰਚ
ਬਜਟ ਇਜਲਾਸ ਵਿੱਚ ਅੱਜ ਸਿਫਰ ਕਾਲ ਦੌਰਾਨ ਵਿਰੋਧੀ ਧਿਰ ਵੱਲੋਂ ਰੋਪੜ ਜ਼ਿਲ੍ਹੇ ’ਚ ਖੈਰ ਦੇ ਦਰੱਖਤਾਂ ਦੀ ਨਿਲਾਮੀ ’ਚ ਘਪਲੇ ਦਾ ਮਾਮਲਾ ਉਠਾਉਣ ਮਗਰੋਂ ਸਪੀਕਰ ਰਾਣਾ ਕੇਪੀ ਨੇ ਤਿੱਖੇ ਤੇਵਰ ਦਿਖਾਏ। ‘ਆਪ’ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਮੁੱਦਾ ਉਠਾਇਆ ਕਿ ਮਾਣਕਪੁਰ ਵਿਚ 931 ਦਰੱਖਤਾਂ ਨੂੰ ਨਿਲਾਮੀ ਵਿਚ 40 ਲੱਖ ਰੁਪਏ ਵਿਚ ਹੀ ਵੇਚ ਦਿੱਤਾ ਗਿਆ ਹੈ ਜਦੋਂਕਿ ਇਨ੍ਹਾਂ ਦੀ ਕੀਮਤ ਕਰੀਬ 2 ਕਰੋੜ ਰੁਪਏ ਬਣਦੀ ਸੀ।
ਸਪੀਕਰ ਨੇ ਇਸ ’ਤੇ ਗਰਮ ਲਹਿਜ਼ੇ ਵਿਚ ਕਿਹਾ ਕਿ ‘ਤੁਸੀਂ ਦੋ ਕਰੋੜ ਨੂੰ ਛੱਡੋ, ਕੋਈ ਇਨ੍ਹਾਂ ਦੀ ਕੀਮਤ 60 ਲੱਖ ਰੁਪਏ ਦੇ ਦੇਵੇ, ਦਰੱਖਤ ਲੈ ਜਾਵੇ।’ ਚੀਮਾ ਨੇ ਜਵਾਬ ਵਿਚ ਕਿਹਾ ਕਿ 55 ਲੱਖ ਰੁਪਏ ਤਾਂ ਉਦੋਂ ਹੀ ਇੱਕ ਵਿਅਕਤੀ ਪੇਸ਼ਕਸ਼ ਕਰ ਰਿਹਾ ਸੀ। ਸਪੀਕਰ ਨੇ ਕਿਹਾ ਕਿ ‘ਕੋਈ ਮਾਈ ਦਾ ਲਾਲ ਹੈ, ਜੋ 60 ਲੱਖ ਹੀ ਦੇ ਦੇਵੇ।’ ਸਪੀਕਰ ਨੇ ਨਸੀਹਤ ਦਿੱਤੀ ਕਿ ਜ਼ਿੰਮੇਵਾਰੀ ਨਾਲ ਗੱਲ ਕਰਨੀ ਚਾਹੀਦੀ ਹੈ। ਸਿਫਰ ਕਾਲ ਵਿਚ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਬਡਾਲਾ ਨੇ ਆਟੇ ਦਾਲ ਵਾਲੇ ਨੀਲੇ ਕਾਰਡ ਕੱਟੇ ਜਾਣ ਦਾ ਮੁੱਦਾ ਚੁੱਕਿਆ
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਗਰੀਬਾਂ ਦੇ ਨੀਲੇ ਕਾਰਡ ਵੱਡੀ ਪੱਧਰ ’ਤੇ ਕੱਟ ਦਿੱਤੇ ਹਨ ਜਦੋਂਕਿ ਆਪਣਿਆਂ ਦੇ ਬਣਾਏ ਹਨ। ਉਨ੍ਹਾਂ ਕਿਹਾ ਕਿ ਸਮਾਰਟ ਕਾਰਡ ਬਣਾਏ ਜਾਣ ਮੌਕੇ ਇਹ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਂਸਲ ਚੋਣਾਂ ਮੌਕੇ ਵੀ ਧੱਕਾ ਕੀਤਾ ਗਿਆ ਤੇ ਜਗਰਾਓਂ ਹਲਕੇ ਵਿਚ ਵੋਟਾਂ ਪਾਉਣ ਲਈ ਲੋਕ ਜਲੰਧਰ ਤੋਂ ਗਏ।
ਵਿਧਾਇਕ ਸੁਖਪਾਲ ਖਹਿਰਾ ਨੇ ਆਰਥਿਕ ਤੌਰ ’ਤੇ ਪਛੜੇ ਵਰਗ ਦੇ ਬੱਚਿਆਂ ਨੂੰ ਨੌਕਰੀ ਵਿਚ ਬਾਕੀ ਸੂਬਿਆਂ ਦੀ ਤਰਜ਼ ’ਤੇ ਉਮਰ ਹੱਦ ਵਿਚ ਪੰਜ ਸਾਲ ਤੱਕ ਦੀ ਛੋਟ ਦੇਣ ਦਾ ਮਾਮਲਾ ਰੱਖਿਆ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸਿੱਖਿਆ ਮੰਤਰੀ ਦੇ ਘਰ ਅੱਗੇ 63 ਦਿਨਾਂ ਤੋੋਂ ਧਰਨਾ ਦੇ ਰਹੇ ਬੇਰੁਜ਼ਗਾਰ ਅਧਿਆਪਕ ਸਾਂਝਾ ਮੋਰਚਾ ਵੱਲ ਸਰਕਾਰ ਦਾ ਧਿਆਨ ਦਿਵਾਇਆ।
ਖਹਿਰਾ ਨੇ ‘ਆਪ’ ਨੂੰ ਬਣਾਇਆ ਨਿਸ਼ਾਨਾ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਮ ਆਦਮੀ ਪਾਰਟੀ ’ਤੇ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਲੰਘੇ ਕੱਲ੍ਹ ਜਿਨ੍ਹਾਂ ਸਾਡੇ ’ਤੇ ਇਲਜ਼ਾਮ ਲਾਏ, ਉਹ ਫਰਜ਼ੀ ਇਨਕਲਾਬੀਏ ਹਨ। ਖਹਿਰਾ ਨੇ ਸਪੀਕਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ‘ਆਪ’ ਤੋਂ ਵੱਖਰਾ ਸਮਾਂ ਦਿੱਤਾ ਜਾਵੇ ਕਿਉਂਕਿ ਉਹ ਫਰਜ਼ੀ ਇਨਕਲਾਬੀਆਂ ਨਾਲ ਨਹੀਂ ਹਨ ਅਤੇ ਸੀਟ ਵੀ ਅਲੱਗ ਕਰ ਦਿਓ। ਖਹਿਰਾ ਨੇ ਅਕਾਲੀਆਂ ਨੂੰ ‘ਕਾਰਪੋਰੇਟ ਅਕਾਲੀ’ ਕਿਹਾ।