ਪੱਤਰ ਪ੍ਰੇਰਕ
ਲੰਬੀ, 20 ਜੁਲਾਈ
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜ਼ੋਰਮ ਮੈਗਾ ਫੂਡ ਪਾਰਕ 5 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇਵੇਗਾ। ਇਹ 25000 ਕਿਸਾਨਾਂ ਨੂੰ ਕੋਰ ਫੂਡ ਪ੍ਰੋਸੈਸਿੰਗ ਸੈਂਟਰ ਤੇ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ ਰਾਹੀਂ ਫਾਇਦਾ ਪਹੁੰਚਾਏਗਾ। ਮਿਜ਼ੋਰਮ ਵਿਚ ਜ਼ੋਰਮ ਮੈਗਾ ਫੂਡ ਪਾਰਕ ਦੇ ਵਰਚੁਅਲ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ 30 ਫੂਡ ਪ੍ਰੋਸੈਸਿੰਗ ਇਕਾਈਆਂ ਵਿਚ 250 ਕਰੋੜ ਰੁਪਏ ਦਾ ਵਾਧੂ ਨਿਵੇਸ਼ ਹੋਵੇਗਾ ਤੇ ਇਸ ਨਾਲ ਸਾਲਾਨਾ 450 ਤੋਂ 500 ਕਰੋੜ ਰੁਪਏ ਦੀ ਟਰਨਓਵਰ ਵਧੇਗੀ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਦੇ ਆਧੁਨਿਕ ਢਾਂਚੇ ਨਾਲ ਮਿਜ਼ੋਰਮ ਤੇ ਆਲੇ ਦੁਆਲੇ ਦੇ ਖੇਤਰਾਂ ਵਿਚ ਕਿਸਾਨਾਂ, ਉਤਪਾਦਕਾਂ, ਪ੍ਰੋਸੈਸਿੰਗ ਕਰਨ ਵਾਲਿਆਂ ਤੇ ਖਪਤਕਾਰਾਂ ਨੂੰ ਲਾਭ ਮਿਲੇਗਾ। ਇਹ ਮੈਗਾ ਫੂਡ ਪਾਰਕ ਪਿੰਡ ਖਮਰਾਂਗ ਕੋਲਾਸਬਿ ਜ਼ਿਲ੍ਹੇ ਵਿਚ ਸਥਾਪਿਤ ਕੀਤਾ ਗਿਆ ਹੈ ਤੇ ਇਹ ਮਿਜ਼ੋਰਮ ਦਾ ਪਹਿਲਾ ਮੈਗਾ ਫੂਡ ਪਾਰਕ ਹੈ। ਇਸ ਮੌਕੇ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਆਖਿਆ ਹੈ ਕਿ ਉਹ ਉੱਤਰ ਪੂਰਬੀ ਰਾਜਾਂ ਵਾਸਤੇ ਪ੍ਰਾਜੈਕਟ ਦੇਣ ਤਾਂ ਜੋ ਇਸ ਖਿੱਤੇ ਦਾ ਵਧੇਰੇ ਵਿਕਾਸ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਜ਼ੋਰਮ ਮੈਗਾ ਫੂਡ ਪਾਰਕ 55 ਏਕੜ ਜ਼ਮੀਨ ਵਿਚ 75.20 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ।