ਨਿਜੀ ਪੱਤਰ ਪ੍ਰੇਰਕ
ਸੰਗਰੂਰ, 6 ਅਗਸਤ
ਜ਼ਿਲ੍ਹਾ ਸੰਗਰੂਰ ’ਚ ਲੰਪੀ ਸਕਿਨ (ਐਲ.ਐਸ.ਡੀ) ਦੀ ਬਿਮਾਰੀ ਨੇ 1009 ਪਸ਼ੂਆਂ ਨੂੰ ਲਪੇਟ ਵਿਚ ਲੈ ਲਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਲੈਂਦਿਆਂ ਬਿਮਾਰੀ ਦੀ ਰੋਕਥਾਮ ਲਈ ਵਿਭਾਗੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਕਿਹਾ ਕਿ ਇਸ ਵਿਸ਼ਾਣੂ ਰੋਗ ਨੂੰ ਰੋਕਣ ਲਈ ਕੈਂਪਾਂ ਅਤੇ ਮੀਟਿੰਗਾਂ ਰਾਹੀਂ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ 66 ਟੀਮਾਂ ਵੈਟਨਰੀ ਅਫਸਰਾਂ ਦੀ ਅਗਵਾਈ ਵਿੱਚ ਕਾਰਜਸ਼ੀਲ ਹਨ। ਅੱਜ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਤਿੰਨ ਲੱਖ ਰੁਪਏ ਹੋਰ ਦਵਾਈਆਂ ਦੀ ਖਰੀਦ ਕਰਨ ਹਿਤ ਭੇਜੇ ਜਾ ਚੁੱਕੇ ਹਨ ਅਤੇ ਇਨ੍ਹਾਂ ਦਵਾਈਆਂ ਦੀ ਖਰੀਦ ਕਰਕੇ ਫੀਲਡ ਵਿੱਚ ਭੇਜਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਡਾਕਟਰਾਂ ਤੋਂ ਹੀ ਇਲਾਜ ਕਰਵਾਉਣ ਅਤੇ ਮੱਛਰ-ਮੱਖੀਆਂ ਆਦਿ ਪਰਜੀਵੀਆਂ ਤੋਂ ਬਚਾਅ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।