ਨਿਜੀ ਪੱਤਰ ਪ੍ਰੇਰਕ
ਸੰਗਰੂਰ, 8 ਅਕਤੂਬਰ
ਜੁਆਇੰਟ ਐਕਸ਼ਨ ਕਮੇਟੀ ਆਫ਼ ਐੱਸਸੀ/ਬੀਸੀ ਐਂਪਲਾਈਜ਼ ਐਂਡ ਸ਼ੋਸ਼ਲ ਆਰਗੇਨਾਈਜੇਸ਼ਨਜ਼ ਪੰਜਾਬ ਦੀਆਂ 27 ਜਥੇਬੰਦੀਆਂ ਦੇ ਸੂਬਾਈ ਆਗੂਆਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਚੇਅਰਮੈਨ ਜਸਬੀਰ ਸਿੰਘ ਪਾਲ, ਕੋਆਰਡੀਨੇਟਰ ਹਰਵਿੰਦਰ ਸਿੰਘ ਮੰਡੇਰ, ਬਲਰਾਜ ਕੁਮਾਰ, ਕੁਲਵਿੰਦਰ ਸਿੰਘ ਬੋਦਲ, ਰਾਜ ਸਿੰਘ ਟੋਡਰਵਾਲ ਅਤੇ ਪ੍ਰਿੰਸੀਪਲ ਹਰਵਿੰਦਰ ਸਿੰਘ ਭੱਠਲ ’ਤੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ 22 ਦਸੰਬਰ 2022 ਨੂੰ ਐਕਸ਼ਨ ਕਮੇਟੀ ਨਾਲ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਕਿ 23 ਜਨਵਰੀ 2023 ਤੱਕ ਮੰਗਾਂ ਦੀ ਪੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਨਾਲ ਐਕਸ਼ਨ ਕਮੇਟੀ ਦੇ ਆਗੂਆਂ ਦੀ ਮੀਟਿੰਗ ਕਰਵਾ ਕੇ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣਗੀਆਂ ਪਰ ਅਜੇ ਤੱਕ ਕੁਝ ਨਹੀਂ ਹੋਇਆ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 10 ਤੋਂ 20 ਅਕਤੂਬਰ ਤੱਕ ਮੁੱਖ ਮੰਤਰੀ ਨਾਲ ਐਕਸ਼ਨ ਕਮੇਟੀ ਦੇ ਆਗੂਆਂ ਦੀ ਮੀਟਿੰਗ ਕਰਵਾ ਕੇ 31 ਨੁਕਾਤੀ ਨੁਕਤੇ ਹੱਲ ਨਾ ਕੀਤੇ ਗਏ ਤਾਂ ਪਹਿਲੇ ਪੜਾਅ ਵਿਚ ਪਿੰਡਾਂ ਅਤੇ ਸ਼ਹਿਰਾਂ ਦੇ ਨੌਜ਼ਵਾਨਾਂ, ਬੇਰੁਜ਼ਗਾਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਮਜ਼ਦੂਰਾਂ ਅਤੇ ਧਾਰਮਿਕ ਡੇਰਿਆਂ ਨਾਲ ਸੰਪਰਕ ਜੋੜ ਕੇ ਜਾਗਰੂਕਤਾ ਅਤੇ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਿਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਲਿਤ , ਪਛੜੇ ਵਰਗ ਅਤੇ ਆਮ ਲੋਕ ਵਿਰੋਧੀ ਚਿਹਰੇ ਦਾ ਪਰਦਾਫਾਸ਼ ਕਰਕੇ ਲਾਮਬੰਦੀ ਕੀਤੀ ਜਾਵੇਗੀ। ਦੂਜੇ ਪੜਾਅ ਵਿਚ ਐਕਸ਼ਨ ਕਮੇਟੀ ਦੀਆਂ ਬਲਾਕ , ਤਹਿਸੀਲ ਅਤੇ ਜ਼ਿਲ੍ਹਾਵਾਰ ਕਮੇਟੀਆਂ ਦੀ ਸਮੁੱਚੀ ਲੀਡਰਸ਼ਿਪ ਅਤੇ ਵਾਲੰਟੀਅਰਜ਼ ਰਾਖਵੀਆਂ ਸੀਟਾਂ ਤੋਂ ਚੁਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਖ਼ਿਲਾਫ਼ 1 ਤੋਂ 20 ਨਵੰਬਰ ਤੱਕ ਸੁੱਤਿਆਂ ਨੂੰ ਜਗਾਉਣ ਦੀ ਮੁਹਿੰਮ ਅਧੀਨ ਫੀਲਡ ਵਿਚ ਘਿਰਾਓ ਅਤੇ ਰਿਹਾਇਸ਼ਾਂ ਅੱਗੇ ਖਾਲੀ ਠੂਠੇ ਫੜ ਕੇ ਖਾਲੀ ਭਾਂਡੇ ਖੜਕਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਰੋਸ ਮਾਰਚ ਕਰਕੇ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ ਜਾਵੇਗਾ। 6 ਦਸੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਕੋਠੀ ਅੱਗੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ ਜਿਸਨੂੰ ਸਫ਼ਲ ਬਣਾਉਣ ਲਈ ਲੋਕ ਲਹਿਰ ਉਸਾਰ ਕੇ ਲਾਮਬੰਦੀ ਮੁਹਿੰਮ 21 ਨਵੰਬਰ ਤੋਂ 3 ਦਸੰਬਰ ਤੱਕ ਕਰਕੇ ਹਜ਼ਾਰਾਂ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਮੀਟਿੰਗ ’ਚ ਪ੍ਰਿੰ: ਅਮਰਜੀਤ ਸਿੰਘ ਖੜਕੜ, ਲੈਕਚਰਾਰ ਮਨੋਹਰ ਲਾਲ, ਪ੍ਰਿੰ: ਕ੍ਰਿਸ਼ਨ ਲਾਲ, ਹਰਵਿੰਦਰ ਸਿੰਘ, ਸੁਰਜੀਤ ਸਿੰਘ, ਬਲਦੇਵ ਭਾਰਤੀ, ਜੀਤ ਸਿੰਘ, ਪਿ੍ਰੰ: ਹਰਮੇਸ਼ ਲਾਲ, ਪ੍ਰਿੰ: ਸੁਰਜੀਤ ਸਿੰਘ, ਕਰਮਜੀਤ ਸਿੰਘ, ਕਰਨੈਲ ਸਿੰਘ ਨੀਲੋਵਾਲ, ਬੰਤ ਸਿੰਘ, ਪਰਮਿੰਦਰ ਕੌਰ, ਹਰਜਸ ਸਿੰਘ ਖਡਿਆਲ ਆਦਿ ਸ਼ਾਮਲ ਹੋਏ।