ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਜੁਲਾਈ
ਮੀਂਹ ਕਾਰਨ ਇਥੋਂ ਦੇ ਖੇਤਾਂ ਵਿੱਚ ਕਈ ਫੁੱਟ ਪਾਣੀ ਭਰ ਗਿਆ,ਜਿਸ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਹੈ। ਕਾਕੜਾ ਰੋਡ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਨੇੜਲੇ ਖੇਤਾਂ ਵਿੱਚ ਪਿੰਡ ਆਲੋਅਰਖ ਤੱਕ ਦਾ ਪਾਣੀ ਇਕੱਠਾ ਹੋ ਗਿਆ ਹੈ। ਖੇਤਾਂ ਵਿੱਚਲਾ ਪਾਣੀ ਇੱਥੇ ਜੀਟੀਬੀ ਕਾਲਜ, ਸਟੇਡੀਅਮ ਅਤੇ ਨੇੜਲੀ ਕਲੋਨੀ ਨਾਲ ਟਕਰਾ ਕੇ ਰੁਕ ਗਿਆ ਹੈ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਸ ਪਾਣੀ ਕਾਰਨ 25-30 ਏਕੜ ਝੋਨਾ ਡੁੱਬ ਗਿਆ। ਇਹ ਪਾਣੀ ਕਾਲਜ ਦੀ ਇਮਾਰਤ ਅਤੇ ਕਲੋਨੀ ਦੇ ਘਰਾਂ ਦਾ ਨੁਕਸਾਨ ਵੀ ਕਰ ਸਕਦਾ ਹੈ। ਕਿਸਾਨ ਇੰਦਰਜੀਤ ਸਿੰਘ, ਭਰਪੂਰ ਸਿੰਘ, ਮਨਦੀਪ ਸਿੰਘ, ਭੋਲਾ ਮਾਹੀ ਅਤੇ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਉਨ੍ਹਾਂ ਸਰਕਾਰ ਤੋਂ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।