ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਦਸੰਬਰ
ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਦਰਜਨਾਂ ਪਿੰਡਾਂ ਵਿਚ ਅੱਜ ਕਿਸਾਨੀ ਦੀ ਗੂੰਜ ਪਈ। ਪਿੰਡਾਂ ਦੀਆਂ ਗਲੀਆਂ ’ਚ ਹੱਥਾਂ ਵਿਚ ਝੰਡੇ ਅਤੇ ਮਾਟੋ ਫੜ੍ਹ ਕੇ ਕਿਸਾਨ ਬੀਬੀਆਂ ਵਲੋਂ ਦਿੱਲੀ ਸੰਘਰਸ਼ ਲਈ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਮਾਰਚ ਕੱਢੇ ਅਤੇ ਦਿੱਲੀ ਪੁੱਜਣ ਦਾ ਹੋਕਾ ਦਿੱਤਾ ਗਿਆ। ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ 26 ਅਤੇ 27 ਦਸੰਬਰ ਨੂੰ ਕਰੀਬ 30 ਹਜ਼ਾਰ ਕਿਸਾਨ ਦਿੱਲੀ ਲਈ ਕੂਚ ਕਰਨਗੇ ਜਿਸਦੇ ਲਈ ਪਿੰਡਾਂ ਵਿਚ ਲੋਕਾਂ ਨੂੰ ਲਾਮਬੰਦ ਕਰਨ ਲਈ ਮੁਹਿੰਮ ਜਾਰੀ ਹੈ। ਅੱਜ ਪਿੰਡ ਮੰਗਵਾਲ, ਉਪਲੀ, ਚੱਠੇ ਸੇਖਵਾਂ, ਬੱਗੂਆਣਾ ਬਸਤੀ, ਖੇੜੀ, ਕੁਲਾਰ ਖੁਰਦ, ਕਨੋਈ, ਤੁੰਗਾਂ, ਆਦਿ ਪਿੰਡਾਂ ਵਿਚ ਉਗਰਾਹਾਂ ਦੇ ਝੰਡੇ ਹੇਠ ਕਿਸਾਨਾਂ ਤੇ ਬੀਬੀਆਂ ਵਲੋਂ ਪਿੰਡਾਂ ਵਿਚ ਮਾਰਚ ਕੱਢਦਿਆਂ ਲੋਕਾਂ ਨੂੰ ‘ਦਿੱਲੀ ਚੱਲੋ’ ਦਾ ਹੋਕਾ ਦਿੱਤਾ ਗਿਆ। ਕਿਸਾਨ ਬੀਬੀਆਂ ਵਲੋਂ ਹੱਥਾਂ ਵਿਚ ‘ਨੋ ਫਾਰਮਰ-ਨੋ ਫੂਡ’ ਦੇ ਨਾਅਰਿਆਂ ਵਾਲੇ ਮਾਟੋ ਚੁੱਕੇ ਹਨ ਅਤੇ ਕਿਸਾਨੀ ਸੰਘਰਸ਼ ਲਈ ਹੌਂਸਲੇ ਬੁਲੰਦ ਸਨ। ਵੱਖ-ਵੱਖ ਪਿੰਡਾਂ ਵਿਚ ਯੂਨੀਅਨ ਆਗੂ ਗੋਬਿੰਦਰ ਸਿੰਘ ਮੰਗਵਾਲ, ਗੁਰਦੀਪ ਸਿੰਘ ਕੰਮੋਮਾਜਰਾ, ਸਰੂਪ ਚੰਦ ਕਿਲਾਭਰੀਆਂ, ਗੋਬਿੰਦਰ ਸਿੰਘ ਬਡਰੁੱਖਾਂ, ਲਾਭ ਸਿੰਘ ਖੁਰਾਣਾ ਨੇ ਸੰਬੋਧਨ ਦੌਰਾਨ ਕਿਹਾ ਕਿ ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਬੀਬੀਆਂ ਵਲੋਂ ਲੋਕਾਂ ਨੂੰ ਲਾਮਬੰਦ ਕਰਨ ਦਾ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਅੱਜ ਦਰਜਨਾਂ ਪਿੰਡਾਂ ਵਿਚ ਕਿਸਾਨ ਬੀਬੀਆਂ ਵਲੋਂ ਕੱਢੇ ਗਏ ਮਾਰਚਾਂ ਵਿਚ ਜੋਸ਼ ਤੇ ਉਤਸ਼ਾਹ ਸੀ। ਦਿੱਲੀ ਚੱਲੋ ਦੇ ਹੋਕੇ ਨੂੰ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲੋਕ ਦਿੱਲੀ ਜਾਣ ਲਈ ਪੂਰੀ ਤਰਾਂ ਤਿਆਰ ਹਨ। ਉਨ੍ਹਾਂ ਦੱਸਿਆ ਕਿ ਲਗਪਗ 30 ਹਜ਼ਾਰ ਕਿਸਾਨ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਣਗੇ, ਜਿਸਦੀ ਤਿਆਰੀ ਲਈ ਪਿੰਡਾਂ ਵਿਚ ਮਾਰਚ ਕੱਢ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਪੂਰੇ ਸਿਖਰਾਂ ’ਤੇ ਹੈ ਅਤੇ ਦੇਸ਼-ਵਿਦੇਸ਼ ’ਚੋ ਭਰਵੀਂ ਹਮਾਇਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਵਿਰਾਸਤ ’ਚ ਮਿਲਿਆ ਹੈ ਅਤੇ ਸੰਘਰਸ਼ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਸੰਘਰਸ਼ ਅੱਗੇ ਝੁਕਣਾ ਪਵੇਗਾ ਅਤੇ ਖੇਤੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਵਿਚ ਚੱਲ ਰਹੇ ਸੰਘਰਸ਼ ਵਿਚ ਵੱਡੀ ਤਾਦਾਦ ’ਚ ਸ਼ਮੂਲੀਅਤ ਕਰਨ ਤਾਂ ਜੋ ਸੰਘਰਸ਼ ਨੂੰ ਅੰਜ਼ਾਮ ਤੱਕ ਲਿਜਾਇਆ ਜਾ ਸਕੇ।