ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਅਗਸਤ
ਨੇੜਲੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਮੀਂਹ ਦੇ ਬਾਵਜੂਦ 326ਵੇਂ ਦਿਨ ਵੀ ਮੋਰਚਾ ਜਾਰੀ ਰਿਹਾ। ਸਟੇਜ ਦੀ ਕਾਰਗੁਜ਼ਾਰੀ ਸ਼ਿਵਰਾਜ ਸਿੰਘ ਗੁਰਨੇ ਕਲਾਂ ਨੇ ਸੰਭਾਲੀ ਅਤੇ ਗੁਰਮੇਲ ਸਿੰਘ ਕੋਟੜਾ ਨੇ ਇਨਕਲਾਬੀ ਗੀਤ ਗਾਏ।
ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਕਰਨੈਲ ਸਿੰਘ ਗਨੋਟਾ, ਬਿੰਦਰ ਸਿੰਘ ਖੋਖਰ, ਰਾਮਚੰਦ ਸਿੰਘ ਚੋਟੀਆਂ, ਦਰਸ਼ਨ ਸਿੰਘ ਕੋਟੜਾ, ਨਿੱਕਾ ਸਿੰਘ ਸੰਗਤੀਵਾਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਮਨਜੀਤ ਕੌਰ ਸੰਗਤੀਵਾਲਾ, ਜਸਵਿੰਦਰ ਕੌਰ ਗਾਗਾ, ਬਲਜੀਤ ਕੌਰ ਲਹਿਲ ਕਲਾਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਲੰਮੇ ਸਮੇਂ ਤੋਂ ਚੱਲ ਰਹੇ ਸ਼ਾਂਤਮਈ ਸੰਘਰਸ਼ ਨੂੰ ਕੇਂਦਰ ਸਰਕਾਰ ਸਹੀ ਮਾਅਨਿਆਂ ਵਿੱਚ ਗੰਭੀਰ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੂੰ ਹੰਕਾਰ ਦੇ ਇਸ ਘੋੜੇ ਤੋਂ ਸੁੱਟਣ ਲਈ ਲੋਕ ਬਿਲਕੁਲ ਤਿਆਰ ਹਨ। ਸੰਘਰਸ਼ ਆਪਣੇ ਪੈਰ ਮੁਲਕ ਭਰ ਵਿਚ ਫੈਲਾ ਚੁੱਕਾ ਹੈ।
ਲੋਕ ਚੇਤਨਾ ਮੰਚ ਲਹਿਰਾਗਾਗਾ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਕੇ ਕਾਲ਼ੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਮੰਚ ਦੇ ਸਕੱਤਰ ਮਾਸਟਰ ਹਰਭਗਵਾਨ ਗੁਰਨੇ, ਮਾਲਵਾ ਹੇਕ ਦੇ ਨਿਰਦੇਸ਼ਕ ਡਾ. ਜਗਦੀਸ਼ ਪਾਪੜਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਭੁਟਾਲ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਮੰਤਰੀਆਂ ਵੱਲੋਂ ਬਦਲ ਬਦਲ ਕੇ ਕਾਲ਼ੇ ਖੇਤੀ ਕਾਨੂੰਨਾਂ ਨੂੰ ਵਾਜਬ ਠਹਿਰਾਉਣ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਬਾਰੇ ਝੂਠਾ ਬਿਰਤਾਂਤ ਸਿਰਜਣ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਪ੍ਰਦਰਸ਼ਨ ਮੌਕੇ ਮੰਚ ਦੇ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਤਖ਼ਤੀਆਂ, ਬੈਨਰ ਤੇ ਮਾਟੋ ਹੱਥਾਂ ਵਿੱਚ ਫੜੇ ਹੋਏ ਸਨ।
ਇਸ ਪ੍ਰਦਰਸ਼ਨ ਵਿੱਚ ਪੂਰਨ ਸਿੰਘ ਖਾਈ, ਗੁਰਚਰਨ ਸਿੰਘ ਕੈਸ਼ੀਅਰ, ਮਹਿੰਦਰ ਸਿੰਘ, ਸ਼ਮਿੰਦਰ ਸਿੰਘ, ਤਰਸੇਮ ਭੋਲੂ, ਸੁਖਦੇਵ ਚੰਗਾਲੀਵਾਲਾ, ਜੋਰਾ ਸਿੰਘ ਗਾਗਾ, ਜਸਵਿੰਦਰ ਗਾਗਾ, ਨਰਿੰਦਰ ਚੰਗਾਲੀਵਾਲਾ, ਮਹਿੰਦਰ ਸਿੰਘ, ਰਾਮਚੰਦਰ ਸਿੰਘ ਖਾਈ, ਵਰਿੰਦਰ ਭੁਟਾਲ, ਮਾਸਟਰ ਕੁਲਦੀਪ ਸਿੰਘ, ਭੀਮ ਸਿੰਘ ਲਹਿਰਾ, ਤਰਸੇਮ ਭੋਲੂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਭਾਨਰੀ ਤੋਂ ਦਿੱਲੀ ਮੋਰਚੇ ਲਈ ਕਿਸਾਨਾਂ ਦਾ ਜਥਾ ਰਵਾਨਾ
ਪਟਿਆਲਾ (ਰਵੇਲ ਸਿੰਘ ਭਿੰਡਰ): ਪਿੰਡ ਭਾਨਰੀ ਤੋਂ ਕਿਸਾਨਾਂ ਦਾ ਜਥਾ ਲੰਗਰ ਲਈ ਰਸਦ ਸਣੇ ਦਿੱਲੀ ਲਈ ਰਵਾਨਾ ਹੋਇਆ। ਗੁਰਧਿਆਨ ਸਿੰਘ ਭਾਨਰੀ ਨੇ ਕਿਹਾ ਕਿ ਪਿੰਡ ਭਾਨਰੀ ਦੇ ਕਿਸਾਨਾਂ ਨੇ ਦਿੱਲੀ ਮੋਰਚੇ ਲਈ ਹਫ਼ਤਾਵਾਰੀ ਵਾਰੀਆਂ ਬੰਨ੍ਹ ਲਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਭਾਰੀ ਮੀਂਹ ਦੇ ਬਾਵਜੂਦ ਭਾਨਰੀ ਤੋਂ ਲੰਗਰ ਲਈ ਰਸਦ ਲੈ ਕਿ ਕਿਸਾਨਾਂ ਦਾ ਜਥਾ ਰਵਾਨਾ ਹੋਇਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਇਸ ਮੌਕੇ ਮੱਖਣ ਸਿੰਘ ਗੁਰਮੀਤ ਸਿੰਘ ਥਿੰਦ ਪਰਵਿੰਦਰ ਸਿੰਘ ਕਰਤਾਰ ਸਿੰਘ ਗਗਨਦੀਪ ਸਿੰਘ ਕੁਲਵਿੰਦਰ ਸਿੰਘ ਗਮਦੂਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।
ਕੇਂਦਰ ’ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼
ਧੂਰੀ (ਹਰਦੀਪ ਸਿੰਘ ਸੋਢੀ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਟੌਲ ਪਲਾਜ਼ਾ ’ਤੇ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਧਰਨਾ ਹਰਬੰਸ ਸਿੰਘ ਲੱਡਾ ਦੀ ਅਗਵਾਈ ਵਿੱਚ 325ਵੇਂ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਕਿਹਾ ਕੇਂਦਰ ਸਰਕਾਰ ਤੇ ਗੋਦੀ ਮੀਡੀਆ ਵੱਲੋਂ ਦੇਸ਼ ਅੰਦਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਬਾਡਰਾਂ ’ਤੇ ਲੱਗੇ ਕਿਸਾਨੀ ਧਰਨੇ ਕਮਜ਼ੋਰ ਹੋ ਚੁੱਕੇ ਹਨ, ਸਿਰਫ਼ ਗੁਮਰਾਹ ਕਰਨ ਦੀਆਂ ਚਾਲਾਂ ਹਨ। ਅਸਲੀਅਤ ਵਿੱਚ ਕਿਸਾਨੀ ਧਰਨੇ ਪਹਿਲਾਂ ਤੋਂ ਵੀ ਮਜ਼ਬੂਤ ਹਨ।