ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 29 ਅਪਰੈਲ
ਜਾਗਦਾ ਪੰਜਾਬ ਮਿਸ਼ਨ ਵੱਲੋਂ ਸਹਾਇਤਾ ਐੱਨਜੀਓ ਰਾਹੀਂ ਦਿੜ੍ਹਬਾ ਇਲਾਕੇ ਦੇ ਪਿੰਡਾਂ ਦੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ, ਮਜ਼ਦੂਰਾਂ ਅਤੇ 15 ਲੋੜਵੰਦ ਬੱਚਿਆਂ ਦੀ ਪੂਰੀ ਪੜ੍ਹਾਈ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ‘ਜਾਗਦਾ ਪੰਜਾਬ ਮਿਸ਼ਨ’ ਦੇ ਆਗੂ ਅਤੇ ਸਹਾਇਤਾ ਐੱਨਜੀਓ ਭਾਰਤ ਦੇ ਡਾਇਰੈਕਟਰ ਡਾ. ਰਾਜਿੰਦਰ ਰਾਜੀ ਅਤੇ ਉੱਘੇ ਗਾਇਕ ਪਰਮਜੀਤ ਸਿੱਧੂ ਪੰਮੀ ਬਾਈ ਨੇ ਪਿੰਡ ਖਡਿਆਲੀ ਅਤੇ ਮਹਿਲਾਂ ਵਿਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਕੇਂਦਰੀ ਸਕੀਮਾਂ ਰਾਹੀਂ ਨਰੇਗਾ ਮਜ਼ਦੂਰਾਂ ਅਤੇ ਲੋੜਵੰਦ ਕਿਸਾਨਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਸਕੀਮਾਂ ਬਾਰੇ ਜਾਗਰੂਕ ਕੀਤਾ।
ਉਨ੍ਹਾਂ ਦੱਸਿਆ ਕਿ ‘ਜਗਦਾ ਪੰਜਾਬ ਮਿਸ਼ਨ’ ਵੱਲੋਂ ਹੁਣ ਤੱਕ 1500 ਲੋੜਵੰਦ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕੀ ਹੈ ਅਤੇ ਦਿੜ੍ਹਬਾ ਇਲਾਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਖੁਦਕੁਸ਼ੀ ਕਰ ਚੁੱਕੇ ਕਿਸਾਨ ਤੇ ਮਜ਼ਦੂਰਾਂ ਦੇ ਬੱਚਿਆਂ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਜ਼ਿੰਮੇਵਾਰੀ ਲਈ ਹੈ ਅਤੇ ਇਹਨਾਂ ਵਿੱਚੋਂ ਕਈ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਕਿੱਤਾ ਮੁੱਖੀ ਕੋਰਸ ਕਰਵਾਏ ਜਾਣਗੇ। ਇਸ ਮੌਕੇ ਜਸਵਿੰਦਰ ਸਿੰਘ, ਜਸ ਲੁਧਿਆਣਾ, ਬਾਬਾ ਤੁਲਸੀ ਦਾਸ, ਮਨਦੀਪ ਸਿੰਘ ਮਹਿਲਾਂ ਆਦਿ ਆਗੂ ਹਾਜ਼ਰ ਸਨ।