ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 23 ਅਕਤੂਬਰ
ਗਾਇਕ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਸਕੱਤਰ ਜਨਰਲ ‘ਜਾਗਦਾ ਪੰਜਾਬ’ ਨੇ ਪਿੰਡ ਕੌਹਰੀਆਂ ਵਿਚ ਕਿਸਾਨੀ ਸੰਘਰਸ਼ ਦੌਰਾਨ ਫੋਤ ਹੋਏ ਕਿਸਾਨ ਦੇ ਤਿੰਨ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਸਹਾਇਤਾ ਐਨਜੀਓ ਦੁਆਰਾ ਚੁੱਕੇ ਜਾਣ ਦੇ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ‘ਸਹਾਇਤਾ ਐਨਜੀਓ’ ਰਾਹੀਂ ‘ਜਾਗਦਾ ਪੰਜਾਬ’ ਵੱਲੋਂ ਪੰਜਾਬ ਵਿੱਚ ਕੋਈ ਵੀ ਗ਼ਰੀਬ ਬੱਚਾ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੋਕੇ ਉਹਨਾਂ ਨਾਲ ਗਾਇਕ ਸਤਨਾਮ ਪੰਜਾਬੀ, ਡਾ. ਜਰਨੈਲ ਸਿੰਘ, ਮਾਸਟਰ ਚਰਨਜੀਤ ਸਿੰਘ, ਅਜੈਬ ਸਿੰਘ, ਕਿਸਾਨ ਰਘਵੀਰ ਸਿੰਘ ਆਦਿ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਸਹਾਇਤਾ ਐਨਜੀਓ ਵੱਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਮਾਪਿਆਂ ਦੇ ਬੱਚਿਆਂ, ਬਾਰਡਰਾਂ ਤੇ ਸ਼ਹੀਦ ਹੋਏ ਫ਼ੌਜੀਆਂ ਅਤੇ ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਪੰਮੀ ਬਾਈ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜੇ ਖ਼ੁਸ਼ਹਾਲ ਪੰਜਾਬ ਸਿਰਜਣਾ ਹੈ ਤਾਂ ‘ਜਾਗਦਾ ਪੰਜਾਬ’ ਨਾਲ ਜੁੜ ਕੇ ਪੰਜਾਬ ਨੂੰ ਹਲੂਨਣਾ ਹੋਵੇਗਾ ਤਾਂ ਕਿ ਪੰਜਾਬ ਦੋਖੀਆਂ ਦੀਆਂ ਚਾਲਾਂ ਨੂੰ ਅਸਫ਼ਲ ਕੀਤਾ ਜਾ ਸਕੇ।