ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਜਨਵਰੀ
26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਹੋਈ ਹਿੰਸਾ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਸਾਨਾਂ ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਦਿੱਲੀ ਸੰਘਰਸ਼ ਲਈ ਲਾਮਬੰਦ ਕਰਨ ਦੀ ਮੁਹਿੰਮ ਵਿੱਢ ਦਿੱਤੀ ਗਈ ਹੈ। ਕਿਸਾਨ ਜਥੇਬੰਦੀਆਂ ਵਲੋਂ ਪਿੰਡ ਪੱਧਰ ’ਤੇ ਇਕੱਠ ਕਰ ਕੇ ਹਰੇਕ ਘਰ ਦੇ ਇਕ ਮੈਂਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਜਾ ਰਿਹਾ ਹੈ। ਪਿੰਡਾਂ ਵਿੱਚ ਕਿਸਾਨ ਸੰਘਰਸ਼ ਦੇ ਹੱਕ ਵਿਚ ਮੁੜ ‘ਦਿੱਲੀ ਚੱਲੋ’ ਦੇ ਹੋਕੇ ਗੂੰਜਣ ਲੱਗੇ ਹਨ।
ਇਥੋਂ ਨੇੜਲੇ ਪਿੰਡ ਬਡਰੁੱਖਾਂ ’ਚ ਲੋਕਾਂ ਵੱਲੋਂ ਵੱਡਾ ਇਕੱਠ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਕਿਸਾਨ ਅੰਦੋਲਨ ’ਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ ਜਿਸ ਨੂੰ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਸਹਿਮਤੀ ਦਿੱਤੀ। ਇਹ ਫੈਸਲਾ ਵੀ ਲਿਆ ਗਿਆ ਕਿ ਦਿੱਲੀ ਰਵਾਨਾ ਹੋਣ ਵੇਲੇ ਹਰ ਟਰੈਕਟਰ ਅਤੇ ਵਾਹਨ ਉੱਪਰ ਦੇਸ਼ ਦਾ ਤਿਰੰਗਾ ਝੰਡਾ ਲਗਾਇਆ ਜਾਵੇਗਾ ਅਤੇ ਹਰ ਘਰ ਤੋਂ ਇੱਕ ਮੈਂਬਰ ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਵੇਗਾ ਜੋ ਉੱਥੇ ਕਰੀਬ ਇੱਕ ਹਫ਼ਤਾ ਠਹਿਰੇਗਾ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਕਿਯੂ (ਰਾਜੇਵਾਲ) ਦੇ ਆਗੂ ਬਲਵਿੰਦਰ ਸਿੰਘ ਬਡਰੁੱਖਾਂ, ਭਾਕਿਯੂ ਏਕਤਾ (ਉਗਰਾਹਾਂ) ਦੇ ਆਗੂ ਗੋਬਿੰਦਰ ਸਿੰਘ ਅਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਣਦੀਪ ਸਿੰਘ ਮਿੰਟੂ ਨੇ ਦੱਸਿਆ ਕਿ ਜਲਦੀ ਹੀ ਟਰੈਕਟਰਾਂ ਦਾ ਵੱਡਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਵੇਗਾ ਅਤੇ ਹਰ ਟਰੈਕਟਰ ਤੇ ਵਾਹਨ ’ਤੇ ਦੇਸ਼ ਦਾ ਤਿਰੰਗਾ ਝੰਡਾ ਲਗਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਹੋਰ ਪਿੰਡਾਂ ’ਚ ਵੀ ਅਜਿਹੇ ਇਕੱਠ ਕਰ ਕੇ ‘ਦਿੱਲੀ ਚੱਲੋ’ ਦੇ ਹੋ ਕੇ ਦਿੱਤੇ ਜਾਣ ਦੀਆਂ ਖ਼ਬਰਾਂ ਹਨ।
ਕਿਸਾਨਾਂ ਨੂੰ ਦਿੱਲੀ ਰਵਾਨਾ ਕਰਨ ਸਬੰਧੀ ਜਥੇਬੰਦੀਆਂ ਦੀ ਮੀਟਿੰਗ ਅੱਜ
ਸ਼ੇਰਪੁਰ (ਬੀਰਬਲ ਰਿਸ਼ੀ): ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲੜ ਰਹੇ ਕਿਸਾਨਾਂ ਅੰਦਰ ਗਣਤੰਤਰ ਦਿਵਸ ਮੌਕੇ ਵਾਪਰੇ ਘਟਨਾਕ੍ਰਮ ਮਗਰੋਂ ਆਈ ਨਿਰਾਸ਼ਾ ਨੂੰ ਕੱਢ ਕੇ ਪਿੰਡਾਂ ਦੇ ਸਮੂਹ ਕਿਸਾਨਾਂ ਨੂੰ ਦਿੱਲੀ ਮੋਰਚੇ ਵੱਲ ਰਵਾਨਾ ਕਰਨ ਦੀ ਵਿਉਂਤਬੰਦੀ ਲਈ ਲੋਕ ਮੰਚ ਪੰਜਾਬ ਦੇ ਕਨਵੀਨਰ ਕਾਮਰੇਡ ਸੁਖਦੇਵ ਬੜੀ ਨੇ 30 ਜਨਵਰੀ ਨੂੰ ਗੁਰਦੁਆਰਾ ਅਕਾਲ ਪ੍ਰਕਾਸ਼ ਸ਼ੇਰਪੁਰ ਵਿਖੇ ਸਵੇਰੇ 11 ਵਜੇ ਮੀਟਿੰਗ ਸੱਦੀ ਹੈ। ਇਸ ਮੀਟਿੰਗ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਘੋਲ ਦੀਆਂ ਸਮਰਥਕ ਜਥੇਬੰਦੀਆਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਬਲਾਕ ਦੇ ਸਮੂਹ ਪਿੰਡਾਂ ਦੇ ਕਿਸਾਨਾਂ ਤੱਕ ਪਹੁੰਚ ਕਰਨ ਲਈ ਕੋਈ ਯੋਜਨਾ ਤਿਆਰ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਤਿਆਰ ਕਰਕੇ ਦਿੱਲੀ ਭੇਜਿਆ ਜਾਵੇ। ਇਸੇ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਰਵਾਨਾ ਕਰਨ ਲਈ ਪਿੰਡ ਰਾਮਨਗਰ ਛੰਨਾ ਵਿੱਚ ਵੀ ਕਿਸਾਨਾਂ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਜਦੋਂ ਕਿ ਪਿੰਡ ਬੜੀ ਵਿੱਚ 300 ਜਨਵਰੀ ਨੂੰ ਸਵੇਰੇ 9 ਵਜੇ ਪਿੰਡ ਦੇ ਲੋਕਾਂ ਨੇ ਮੀਟਿੰਗ ਸੱਦੀ ਹੈ। ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਵੀ ਐਲਾਨ ਕੀਤਾ ਕਿ ਉਹ 31 ਜਨਵਰੀ ਨੂੰ ਕਿਸਾਨਾਂ ਸਮੇਤ ਪਿੰਡੋਂ ਦਿੱਲੀ ਵੱਲ ਰਵਾਨਾ ਹੋਣਗੇ।