ਪੱਤਰ ਪ੍ਰੇਰਕ
ਮੂਨਕ, 25 ਅਪਰੈਲ
ਸਥਾਨਕ ਯੂਨੀਵਰਸਿਟੀ ਕਾਲਜ ਮੂਨਕ ਵਿੱਚ ਸਮੂਹ ਅਧਿਆਪਕਾਂ ਦੁਆਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਕਾਰੀਆਂ ਵੱਲੋਂ ਕੰਟਰੈਕਟ ’ਤੇ ਕੰਮ ਕਰਦੇ ਅਧਿਆਪਕਾਂ ਦੇ ਵਾਧੇ ਦੀ ਮਿਆਦ ਘਟਾਉਣ ਦੀ ਸਖ਼ਤ ਨਿੰਦਾ ਅਤੇ ਵਿਰੋਧ ਕੀਤਾ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਜਾਰੀ ਕੀਤੇ ਗਏ ਵਾਧੇ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਕਾਲਜਾਂ ਵਿੱਚ ਤਕਰੀਬਨ ਅੱਠ ਸਾਲਾਂ ਤੋਂ ਕੰਟਰੈਕਟ ਅਧਿਆਪਕ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿੱਚ ਨਿਗੁਣੀਆਂ ਤਨਖਾਹਾਂ ’ਤੇ ਸੇਵਾਵਾਂ ਨਿਭਾਅ ਰਹੇ ਹਨ। ਪਹਿਲਾਂ ਡੀਨ ਅਕਾਦਮਿਕ ਦੁਆਰਾ ਤਜਰਬੇਕਾਰ ਅਧਿਆਪਕਾਂ ਦੀ ਥਾਂ ’ਤੇ ਸਿਖਾਂਦਰੂ ਵਿਦਿਆਰਥੀਆਂ ਤੋਂ ਕਾਲਜਾਂ ਵਿੱਚ ਅਧਿਆਪਨ ਕਰਾਉਣਾ ਤੇ ਹੁਣ ਕੰਟਰੈਕਟ ਅਧਿਆਪਕਾਂ ਦੇ ਵਾਧੇ ਦੀ ਮਿਆਦ ਘਟਾਉਣਾ ਯੂਨੀਵਰਸਿਟੀ ਅਧਿਕਾਰੀਆਂ ਦੀ ਉਚੇਰੀ ਪੇਂਡੂ ਖੇਤਰਾਂ ਵਿੱਚ ਸਥਾਪਤ ਕਾਲਜਾਂ ਪ੍ਰਤੀ ਮਤਰੇਆ ਰਵੱਈਆ ਦਰਸਾਉਂਦਾ ਹੈ। ਪੰਜਾਬ ਸਰਕਾਰ ਵੱਲੋ ਸਾਲਾਨਾ ਬਜਟ ਵਿੱਚ 90 ਕਰੋੜ ਤੇ ਹਰ ਸਾਲ 1.50 ਕਰੋੜ ਪ੍ਰਤੀ ਕਾਲਜ ਰਾਸ਼ੀ ਜਾਰੀ ਕਰਨ ਦੇ ਬਾਵਜੂਦ ਮਾੜੀ ਵਿੱਤੀ ਸਥਿਤੀ ਨੂੰ ਆਧਾਰ ਬਣਾ ਕੇ ਅਜਿਹੇ ਕਦਮ ਚੁੱਕਣੇ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਜਾਪਦੇ ਹਨ।