ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 24 ਜੂਨ
ਅੱਜ ਦਿੜ੍ਹਬਾ ਦੇ ਦੀਪ ਹਪਸਤਾਲ ਵਿੱਚ ਪੁੱਜੇ ‘ਜਾਗਦਾ ਪੰਜਾਬ’ ਦੇ ਡਾਇਰੈਕਟਰ ਅਤੇ ਲੋਕ ਗਾਇਕ ਪੰਮੀ ਬਾਈ ਨੇ ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਦੇ ਬਿਆਨ- ‘ਪੰਜਾਬ ’ਚ ਸਰਕਾਰ ਬਣਦੇ ਹੀ ਦਿੱਲੀ ’ਚ ਪਾਣੀ ਦੀਆਂ ਸਾਰੀਆਂ ਮੁਸ਼ਕਲਾਂ ਕਰਾਂਗੇ ਦੂਰ’ ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਪਿੰਡ ਬੰਨ੍ਹਿਆ ਨੀ ਮੰਗਤੇ ਪਹਿਲਾਂ ਹੀ ਆ ਗਏ’। ਉਨ੍ਹਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਇਹ ਵੀ ਕਹਿ ਰਿਹਾ ਹੈ ਕਿ ਦਿੱਲੀ ਵਿੱਚ ਪਾਣੀ ਦੀ ਕਿੱਲਤ ਗੁਆਂਢੀ ਸੂਬੇ ਹਰਿਆਣਾ ਅਤੇ ਪੰਜਾਬ ਕਰਕੇ ਆ ਰਹੀ ਹੈ ਅਤੇ ਇਸੇ ਕਰਕੇ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਲਗਾਤਾਰ ਇਸ ਮਸਲੇ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਨਾਲ ਅਰਵਿੰਦ ਕੇਜਰੀਵਾਲ ਦੀ ਪੰਜਾਬ ਪ੍ਰਤੀ ਸੋਚ ਤੇ ਪੰਜਾਬ ਦੇ ਪਾਣੀ ’ਤੇ ਅੱਖ ਰੱਖਣ ਦੀ ਇਹ ਨੀਤੀ ਸਪੱਸ਼ਟ ਹੋ ਗਈ ਹੈ ਕਿ ਉਸ ਨੂੰ ਪੰਜਾਬ ਨਾਲੋਂ ਜ਼ਿਆਦਾ ਫ਼ਿਕਰ ਦਿੱਲੀ ਦਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਕੋਈ ਨਵੀਂ ਪਾਰਟੀ ਬਣਾਈ ਜਾਵੇ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਨਾ ਵੇਚੇ ਅਤੇ ਪੰਜਾਬ ਦੇ ਹਿੱਤਾਂ ਨੂੰ ਲੁੱਟੇ। ਇਸ ਮੌਕੇ ਉਨ੍ਹਾਂ ਕੁਝ ਪਿੰਡਾਂ ਦੇ ਪ੍ਰਧਾਨਾਂ ਨੂੰ ‘ਜਾਗਦਾ ਪੰਜਾਬ’ ਦੇ ਕਾਰਡ ਵੀ ਵੰਡੇ।