ਪੱਤਰ ਪ੍ਰੇਰਕ
ਲਹਿਰਾਗਾਗਾ, 15 ਫਰਵਰੀ
ਕੈਨੇਡਾ ਰਹਿੰਦੇ ਧੀ ਤੇ ਜਵਾਈ ਦੇ ਪੁਲੀਸ ਹਿਰਾਸਤ ਵਿੱਚ ਹੋਣ ਦੀ ਗੱਲ ਆਖ ਕੇ ਨੌਸਰਬਾਜ਼ ਨੇ ਉਨ੍ਹਾਂ ਦੇ ਪਰਿਵਾਰ ਤੋਂ 67 ਲੱਖ ਰੁਪਏ ਠੱਗ ਲਏ। ਇਸ ਸਬੰੰਧੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਦਰਖਾਸਤ ਅਨੁਸਾਰ ਸਨੇਹ ਲਤਾ ਪਤਨੀ ਸੁਰਿੰਦਰ ਪ੍ਰਕਾਸ਼ ਵਾਸੀ ਲਹਿਰਾਗਾਗਾ ਦੀ ਬੇਟੀ ਅਤੇ ਜਵਾਈ ਬਾਹਰ ਕੈਨੇਡਾ ਵਿਖੇ ਰਹਿੰਦੇ ਹਨ। ਸਨੇਹ ਲਤਾ ਨੇ ਦੱਸਿਆ ਕਿ 6 ਫਰਵਰੀ ਨੂੰ ਉਸ ਦੇ ਫੋਨ ’ਤੇ ਇਕ ਕਾਲ ਆਈ, ਜੋ ਉਸ ਦੇ ਬੇਟੇ ਜਸ਼ਨਦੀਪ ਸਿੰਘ ਨੇ ਚੁੱਕੀ ਜਿਸ ਵਿੱਚ ਕਾਲਰ ਨੇ ਕਿਹਾ,‘ਤੁਹਾਡੀ ਬੇਟੀ ਅਤੇ ਜਵਾਈ ਨੂੰ ਪੁਲੀਸ ਨੇ ਫੜ ਲਿਆ ਹੈ। ਇਨ੍ਹਾਂ ਨੂੰ ਪੈਸਿਆਂ ਦੀ ਸਖ਼ਤ ਲੋੜ ਹੈ।’ ਇਸ ਉੱਤੇ ਉਸ ਦਾ ਬੇਟਾ ਜਸ਼ਨਦੀਪ ਸਿੰਘ ਘਬਰਾ ਗਿਆ ਅਤੇ ਉਸ ਦੇ ਪਰਿਵਾਰ ਨੇ 6 ਫਰਵਰੀ 2024 ਤੋਂ 9 ਫਰਵਰੀ ਤਕ 12 ਟਰਾਂਜੈਕਸ਼ਨਾਂ ਰਾਹੀਂ 67 ਲੱਖ ਰੁਪਏ ਅਣਪਛਾਤੇ ਮੁਲਜ਼ਮ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ। ਇਸ ਤਰ੍ਹਾਂ ਸਨੇਹ ਲਤਾ ਅਤੇ ਉਸਦੇ ਬੇਟੇ ਜਸ਼ਨਦੀਪ ਨੂੰ ਭਰੋਸੇ ਵਿੱਚ ਲੈ ਕੇ ਨੌਸਰਬਾਜ਼ ਨੇ 67 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਐੱਸਐੱਚਓ ਸਦਰ ਇੰਸਪੈਕਟਰ ਰਣਬੀਰ ਸਿੰਘ ਅਨੁਸਾਰ ਇਸ ਸਬੰਧੀ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।