ਕੁਲਵਿੰਦਰ ਗਿੱਲ
ਕੁੱਪ ਕਲਾਂ, 28 ਮਾਰਚ
ਭਾਰਤ ਅਤੇ ਪਾਕਿਸਤਾਨ ਦੀ ਵੰਡ ਦੇ ਜ਼ਖਮ ਅੱਜ ਵੀ ਅੱਲੇ ਹਨ। ਉਸ ਵੇਲੇ ਵਿਛੜੇ ਭੈਣ ਭਰਾ ਅੱਜ ਵੀ ਨਾ ਮਿਲਣ ਸਕਣ ਦਾ ਸੰਤਾਪ ਭੋਗ ਰਹੇ ਹਨ ਜਿਸ ਨੂੰ ਨਵੀਂ ਊਰਜਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਦਿੱਤੀ ਪਰ ਉਹ ਵੀ ਹੁਣ ਕਰੋਨਾ ਕਾਰਨ ਬੰਦ ਹੈ। ਪਾਕਿਸਤਾਨ ’ਚ ਰਹਿੰਦੀ ਪੰਜ ਭਰਾਵਾਂ ਦੀ ਇਕਲੌਤੀ ਭੈਣ 85 ਸਾਲਾ ਬਸੰਤ ਕੌਰ ਬਜਰਾਲ (ਨਜ਼ਮਾ ਖਾਤੂਨ) ਅੱਜ ਵੀ ਭਰਾਵਾਂ ਨੂੰ ਮਿਲਣ ਲਈ ਤਰਸ ਰਹੀ ਹੈ। ਪਤੀ ਦੇ ਫੌਤ ਹੋਣ ਤੋਂ ਬਾਅਦ ਵੀ ਬੱਚਿਆਂ ਅੱਗੇ ਸਿਰਫ਼ ਚੜ੍ਹਦੇ ਪੰਜਾਬ (ਭਾਰਤ) ਆਉਣ ਦੀ ਤਾਂਘ ਰੱਖਦੀ ਹੈ। ਮਹੁੰਮਦ ਸਰਫ਼ਰਾਜ਼ ਪਾਕਿਸਤਾਨ ਅਨੁਸਾਰ ਬਸੰਤ ਕੌਰ ਦੀ ਮਾਤਾ ਨੂੰ ਗਲੇ ਦਾ ਕੈਂਸਰ ਸੀ।
ਬਸੰਤ ਕੌਰ ਅਜ਼ਾਦ ਕਸ਼ਮੀਰ ਚਿਕਰ ਸਕੂਲ ਦੀ ਵਿਦਿਆਰਥਣ ਸੀ ਜੋ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਵਿਛੜ ਗਈ ਜਿਸ ਦੇ ਭਰਾ ਪਿਆਰਾ ਸਿੰਘ ਜੋ ਬੱਚਾ ਪਾਰਟੀ ਫੌਜ ਵਿੱਚ ਭਰਤੀ ਸਨ। ਅਵਤਾਰ ਸਿੰਘ, ਜੋਗਿੰਦਰ ਸਿੰਘ, ਊਧਮ ਸਿੰਘ, ਹਰਪਾਲ ਸਿੰਘ ਭਰਾਵਾ ਵਿੱਚੋਂ ਰਮਿੰਦਰ ਸਿੰਘ ਮਕੈਨੀਕਲ ਇੰਜੀਨੀਅਰ ਸਨ ਜੋ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਤੋਂ ਲੁਧਿਆਣਾ ਵਿੱਚ ਆ ਵੱਸ ਗਏ ਜਿਸ ਦਾ ਇੱਕ ਪੁੱਤਰ ਰਾਜਿੰਦਰ ਸਿੰਘ ਸੀ ਜਿਸ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਾ, ਇਹ 1947 ਤੋਂ ਵੀ ਵੱਡੀ ਤਰਾਸਦੀ ਹੈ ਕਿ ਅੱਜ ਵੀ ਵਰ੍ਹਿਆਂ ਬਾਅਦ ਲੋਕ ਆਪਣਿਆਂ ਨੂੰ ਮਿਲਣ ਲਈ ਤਰਸ ਰਹੇ ਹਨ ਪਰ ਸਰਹੱਦਾਂ ਦੀਆਂ ਦੀਵਾਰਾਂ ਅੱਜ ਵੀ ਕਾਇਮ ਹਨ। ਮਾਤਾ ਬਸੰਤ ਕੌਰ ਨੇ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਲੱਭਣ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।