ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਜੂਨ
ਸੰਗਰੂਰ ’ਚ ਇੱਕ ਨਿੱਜੀ ਬੈਂਕ ਦੇ ਖਾਤਾਧਾਰਕ ਨਾਲ ਕਰੀਬ 94 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਖਾਤੇ ਵਿਚੋਂ ਬੀਤੀ ਰਾਤ ਅਚਾਨਕ 46738/- ਰੁਪਏ ਦੀਆਂ ਦੋ ਟਰਾਂਜੈਕਸ਼ਨਾਂ ਰਾਹੀਂ ਪੈਸੇ ਕੱਢ ਲਏ ਗਏ। ਖਾਤਾਧਾਰਕ ਨੂੰ ਉਸ ਸਮੇਂ ਪਤਾ ਲੱਗਿਆ, ਜਦੋਂ ਉਸ ਦੇ ਫੋਨ ’ਤੇ 46738/- ਰੁਪਏ ਖਾਤੇ ’ਚੋ ਟਰਾਂਜੈਕਸ਼ਨ ਹੋਣ ਦਾ ਮੈਸੇਜ ਆਇਆ, ਜਦੋਂ ਕਿ ਦੂਜੀ ਟਰਾਂਜੈਕਸ਼ਨ ਦਾ ਮੈਸੇਜ ਨਹੀਂ ਆਇਆ। ਸਥਾਨਕ ਵਾਸੀ ਸਚਿਨ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ ਸਾਢੇ ਦਸ ਵਜ ਉਸ ਦੇ ਮੋਬਾਈਲ ਫੋਨ ’ਤੇ ਮੈਸੇਜ ਆਇਆ ਕਿ ਉਸ ਦੇ ਖਾਤੇ ਵਿਚੋਂ 46738/- ਰੁਪਏ 20 ਪੈਸੇ ਦੀ ਟਰਾਜੈਕਸ਼ਨ ਹੋਈ ਹੈ। ਉਸ ਵੱਲੋਂ ਤੁਰੰਤ ਬੈਂਕ ਦੇ ਕਸਟਮਰ ਕੇਅਰ ਨੂੰ ਫੋਨ ਕਰ ਕੇ ਸਾਰੀ ਜਾਣਕਾਰੀ ਦਿੱਤੀ ਗਈ, ਉਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਬੈਂਕ ਖਾਤੇ ’ਚੋਂ ਇੱਕ ਨਹੀਂ ਸਗੋਂ ਦੋ ਟਰਾਂਜੈਕਸ਼ਨਾਂ ਹੋਈਆਂ ਹਨ। ਸਚਿਨ ਕੁਮਾਰ ਨੇ ਬੈਂਕ ਤੋਂ ਮੰਗ ਕੀਤੀ ਹੈ ਕਿ ਉਸ ਦੀ ਪੇਮੈਂਟ ਜਲਦੀ ਤੋਂ ਜਲਦੀ ਵਾਪਸ ਕਰਵਾਈ ਜਾਵੇ। ਖਾਤੇਦਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਜਲਦ ਉਸ ਦੀ ਰਾਸ਼ੀ ਨਾ ਮਿਲੀ ਤਾਂ ਉਹ ਖਪਤਕਾਰ ਫੋਰਮ ’ਚ ਜਾਣ ਲਈ ਮਜਬੂਰ ਹੋਵੇਗਾ।
ਸਥਾਨਕ ਸ਼ਹਿਰ ’ਚ ਗਊਸ਼ਾਲਾ ਰੋਡ ’ਤੇ ਸਥਿਤ ਐੱਚਡੀਐੱਫ਼ਸੀ ਬਰਾਂਚ ਦੇ ਮੈਨੇਜਰ ਸਨੀ ਕੁਮਾਰ ਦਾ ਕਹਿਣਾ ਹੈ ਕਿ ਸ਼ਿਕਾਇਤ ਦਰਜ ਕਰ ਲਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਵੀ ਵੱਖਰੇ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ।