ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਮਈ
ਸ਼ਹਿਰ ਦੇ ਲੋਕਾਂ ਨੂੰ ਆਰਗੈਨਿਕ ਖਾਧ ਪਦਾਰਥ ਮੁਹੱਈਆ ਕਰਾਉਣ ਲਈ ਪਹਿਲ ਮੰਡੀ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ ਹੈ ਜੋ ਸ਼ਹਿਰ ਦੇ ਲੋਕਾਂ ਦੇ ਨਾਲ ਨਾਲ ਕਿਸਾਨਾਂ ਤੇ ਸੈਲਫ਼ ਹੈਲਪ ਗਰੁੱਪਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਹਰ ਐਤਵਾਰ ਸ਼ਹਿਰ ਦੇ ਨਾਭਾ ਗੇਟ ਸਥਿਤ ਸਿਟੀ ਪਾਰਕ ਨਜ਼ਦੀਕ ਲੱਗਦੀ ‘ਪਹਿਲ ਮੰਡੀ’ ਵਿੱਚੋਂ ਲੋਕਾਂ ਨੂੰ ਸ਼ੁੱਧ ਖਾਣ ਵਾਲੇ ਪਦਾਰਥ ਮਿਲਦੇ ਹਨ ਅਤੇ ਕਿਸਾਨਾਂ ਅਤੇ ਸੈਲਫ ਹੈਲਪ ਗਰੁੱਪਾਂ ਦੀ ਕਮਾਈ ਵਿਚ ਵਾਧਾ ਵੀ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ‘ਪਹਿਲ’ ਦੀ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਏਐੱਸ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ ਨਾਲ ਪੇਂਡੂ ਆਰਥਿਕਤਾ ਨੂੰ ਮਜ਼ਬੂਤੀ ਮਿਲੀ ਹੈ। ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ। ਉਨ੍ਹਾਂ ਦੱਸਿਆ ਕਿ ਪਹਿਲ ਮੰਡੀ ਦੀਆਂ ਗਤੀਵਿਧੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਹਿਲ ਮੰਡੀ ਸੁਨਾਮ ਸ਼ਹਿਰ ਵਿਖੇ ਵੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਹਫ਼ਤੇ ਦੇ ਹਰ ਬੁੱਧਵਾਰ ਲਗਾਉਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਇਹ ਹਫਤਾਵਾਰੀ ਲੱਗਣ ਵਾਲੀ ਮੰਡੀ ਵੀ ਸਂਗਰੂਰ ਪਹਿਲ ਮੰਡੀ ਦੀ ਤਰ੍ਹਾਂ ਕਾਮਯਾਬ ਹੋਵੇਗੀ।