ਪਵਨ ਕੁਮਾਰ ਵਰਮਾ/ਹਰਦੀਪ ਸੋਢੀ
ਧੂਰੀ, 3 ਮਈ
ਜਨਤਾ ਨਗਰ ਮੁਹੱਲੇ ਦੀ ਬੰਦ ਗਲੀ ਵਿੱਚ ਬਣੇ ਮਕਾਨ ਨੂੰ ਕੱਲ੍ਹ ਸ਼ਾਮ ਅੱਗ ਲੱਗਣ ਕਾਰਨ ਔਰਤ ਬੁਰੀ ਤਰ੍ਹਾਂ ਝੁਲਸ ਗਈ। ਸਵਿਤਾ ਰਾਣੀ ਨਾਮੀ ਇਸ ਔਰਤ ਨੂੰ ਡਾਕਟਰਾਂ ਵੱਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਅਤੇ ਉੱਥੋਂ ਉਸ ਨੂੰ ਇਲਾਜ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਚੰਡੀਗੜ੍ਹ ਜਾਂਦਿਆਂ ਰਾਹ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਘਰ ਵਿੱਚ ਪਿਆ ਲੱਖਾਂ ਰੁਪਏ ਦਾ ਫਰਨੀਚਰ ਅਤੇ ਹੋਰ ਘਰੇਲੂ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।
ਜਨਤਾ ਨਗਰ ਮੁਹੱਲੇ ਵਿੱਚ ਕੱਲ੍ਹ ਬਾਅਦ ਦੁਪਹਿਰ ਮੁਹੱਲਾ ਨਿਵਾਸੀਆਂ ਨੂੰ ਰਾਜੇਸ਼ ਕੁਮਾਰ ਨਾਮੀ ਵਿਅਕਤੀ ਦੇ ਘਰੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ। ਆਂਢ-ਗੁਆਂਢ ਦੇ ਲੋਕਾਂ ਵੱਲੋਂ ਅੱਗ ਬੁਝਾਉਣ ਵਿੱਚ ਕਾਫੀ ਮੱਦਦ ਕੀਤੀ ਗਈ, ਅਖੀਰ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਅੱਗ ਬੁਝਾਉਣ ਵਿੱਚ ਲੱਗੇ ਫਾਇਰ ਬ੍ਰਿਗੇਡ ਦੀ ਟੀਮ ਦੇ ਦੋ ਮੁਲਾਜ਼ਮ ਵੀ ਅੱਗ ਬੁਝਾਉਣ ਵਿੱਚ ਸਫਲ ਤਾਂ ਹੋ ਗਏ ਪ੍ਰੰਤੂ ਧੂੰਆਂ ਚੜ੍ਹਨ ਕਾਰਨ ਬੇਹੋਸ਼ ਹੋ ਗਏ, ਜਿੱਥੇ ਹਾਜ਼ਰ ਲੋਕਾਂ ਨੇ ਉਨ੍ਹਾਂ ਨੂੰ ਵੀ ਸਿਵਲ ਹਸਪਤਾਲ ਧੂਰੀ ’ਚ ਦਾਖਲ ਕਰਵਾਇਆ। ਡੀ.ਐੱਸ.ਪੀ. ਧੂਰੀ ਪਰਮਿੰਦਰ ਸਿੰਘ ਅਤੇ ਥਾਣਾ ਸਿਟੀ ਧੂਰੀ ਦੇ ਮੁਖੀ ਹਰਜਿੰਦਰ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਦੂਜੇ ਪਾਸੇ ਫਾਇਰ ਅਫਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਫਾਇਰਮੈਨ ਰੁਪੇਸ਼ ਕੁਮਾਰ ਅਤੇ ਹਰਭਜਨ ਸਿੰਘ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।