ਪੱਤਰ ਪ੍ਰੇਰਕ
ਭਵਾਨੀਗੜ੍ਹ, 8 ਨਵੰਬਰ
ਇਥੇ ਪੁਲੀਸ ਨੇ ਕੁੱਟਮਾਰ ਕਰਨ ਦੇ ਦੋਸ਼ ਹੇਠ ਇਕ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ। ਮਨਗੁਰਉਪਦੇਸ਼ ਸਿੰਘ ਵਾਸੀ ਭਵਾਨੀਗੜ੍ਹ ਨੇ ਇੱਥੇ ਥਾਣੇ ਵਿੱਚ ਸ਼ਿਕਾਇਤ ਲਿਖਾਈ ਕਿ ਬੀਤੇ ਦਿਨ ਉਹ ਆਪਣੇ ਤਾਇਆ ਹਰਮਨ ਪ੍ਰੀਤ ਸਿੰਘ ਨਾਲ ਸਕੂਟਰੀ ’ਤੇ ਟਰੱਕ ਯੂਨੀਅਨ ਭਾਨੀਗੜ੍ਹ ਵਿੱਚ ਆਏ ਸਨ। ਇਸੇ ਦੌਰਾਨ ਅਚਾਨਕ ਰਿਸ਼ੂ ਸ਼ਰਮਾ ਅਤੇ ਦਮਨ ਤੂਰ ਨੇ ਉਸ ਵਿੱਚ ਮੋਟਰਸਾਈਕਲ ਮਾਰਿਆ ਅਤੇ ਉਸ ਨਾਲ ਬਹਿਸਬਾਜ਼ੀ ਕਰਨ ਲੱਗੇ ਪਰ ਮੌਕੇ ’ਤੇ ਹਰਮਨ ਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਸਮਝਾ ਬੁਝਾ ਕੇ ਉਥੋਂ ਭੇਜ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਜਦੋਂ ਸ਼ਾਮ ਨੂੰ ਉਹ ਆਪਣੇ ਦੋਸਤ ਹਰਜਿੰਦਰ ਸਿੰਘ ਨਾਲ ਬਾਜ਼ਾਰ ਵਿੱਚੋਂ ਕਿਤਾਬ ਖਰੀਦਣ ਜਾ ਰਿਹਾ ਸੀ ਤਾਂ ਸਿੰਗਲਾ ਸਵੀਟ ਦੇ ਸਾਹਮਣੇ ਸਰਵਿਸ ਰੋਡ ’ਤੇ ਰਿਸ਼ੂ ਸ਼ਰਮਾ, ਦਮਨ ਤੂਰ, ਵਾਸ਼ੂ ਸ਼ਰਮਾ, ਰਵੀ ਕੁਮਾਰ, ਜਤਿਨ ਅਤੇ ਗੋਪਾਲ ਲਲੌਛੀ ਨੇ ਲੋਹੇ ਦੀ ਰਾੜ, ਡੰਡਿਆਂ ਅਤੇ ਕ੍ਰਿਪਾਨ ਨਾਲ ਆ ਕੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸੇ ਤਰ੍ਹਾਂ ਗੁਰਜੰਟ ਸਿੰਘ ਵਾਸੀ ਬੀਂਬੜ ਨੇ ਸ਼ਿਕਾਇਤ ਲਿਖਾਈ ਕਿ ਪਿਛਲੇ ਦਿਨੀਂ
ਜੋਗਿੰਦਰ ਸਿੰਘ ਉਸਦੇ ਪੁੱਤਰ ਗੁਰਪ੍ਰੀਤ ਸਿੰਘ, ਗੁਰਦਿੱਤ ਸਿੰਘ, ਭੁਪਿੰਦਰ ਸਿੰਘ ਅਤੇ ਕਾਲਾ ਸਿੰਘ ਵਾਸੀ ਬੀਂਬੜੀ ਅਤੇ ਹੋਰ 4-5 ਨਾ ਮਲੂਮ ਵਿਅਕਤੀਆਂ ਨੇ ਉਸ ਦੀ ਅਤੇ ਉਸਦੇ ਪਿਤਾ ਕਰਨੈਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲੀਸ ਨੇ ਦੋਵੇਂ ਸ਼ਿਕਾਇਤਾਂ ਦੇ ਅਧਾਰ ’ਤੇ ਉਕਤ ਖਿਲਾਫ ਮਾਮਲੇ ਦਰਜ ਕਰ ਲਏ ਹਨ।