ਬੀਰਬਲ ਰਿਸ਼ੀ
ਸ਼ੇਰਪੁਰ, 30 ਜੂਨ
ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਕਿਸਾਨਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਕਥਿਤ ਸੰਘੀ ਘੁੱਟਦੇ ਕੋਆਪਰੇਟਿਵ ਬੈਂਕਾਂ ਦੇ ਉਚ ਅਧਿਕਾਰੀਆਂ ਦੇ ਜ਼ੂਬਾਨੀ ਹੁਕਮਾਂ ਖ਼ਿਲਾਫ਼ ਉਠ ਰਹੇ ਕਿਸਾਨ ਰੌਂਅ ਨੂੰ ਭਾਂਪਦੇ ਹੋਏ ਭਾਵੇਂ ਕਈ ਥਾਵਾਂ ’ਤੇ ਸੁਸਾਇਟੀਆਂ ਦੇ ਮੈਂਬਰ ਕਿਸਾਨਾਂ ਦੀਆਂ ਸੈਕਟਰੀਆਂ ਤੋਂ ਲਿਸਟਾਂ ਮੰਗੀਆਂ ਗਈਆਂ ਹਨ ਪਰ ਅੱਜ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਦੀ ਅਗਵਾਈ ਹੇਠ ਇੱਕ ਕਿਸਾਨ ਵਫ਼ਦ ਨੇ ਕੋਆਪਰੇਟਿਵ ਬੈਂਕ ਕਾਤਰੋਂ ਦੇ ਮੈਨੇਜਰ ਨੂੰ ਮਿਲ ਕੇ ਆਪਣੀਆਂ ਮੰਗਾਂ ਬਾਰੇ ਦੱਸਿਆ ਅਤੇ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।
ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਤੋਂ ਇਲਾਵਾ ਵਫ਼ਦ ’ਚ ਸ਼ੁਮਾਰ ਕੋਆਪਰੇਟਿਵ ਸੁਸਾਇਟੀ ਘਨੌਰ ਕਲਾਂ ਦੇ ਪ੍ਰਧਾਨ ਜਗਤਾਰ ਸਿੰਘ, ਮੋਹਰੀ ਮੈਂਬਰ ਜਸਵਿੰਦਰ ਸਿੰਘ ਘਨੌਰ ਅਤੇ ਸ਼ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਣਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮੀਟਿੰਗ ਤੋਂ ਇਹ ਗੱਲ ਉਭਰਕੇ ਵੀ ਸਾਹਮਣੇ ਆਈ ਕਿ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਵਿਭਾਗ ਦੇ ਉਚ ਅਧਿਕਾਰੀਆਂ ਨੇ ਜੋ ਲਿਸਟਾਂ ਮੰਗੀਆਂ ਇਨ੍ਹਾਂ ਲਿਸਟਾਂ ਵਿੱਚ ਨਵੇਂ ਮੈਂਬਰ ਬਣਨ ਵਾਲੇ ਕਿਸਾਨ, ਸੁਸਾਇਟੀਆਂ ਦੇ ਮੈਂਬਰ ਬਣੇ ਕਿਸਾਨ ਜਿਨ੍ਹਾਂ ਦੇ ਹਾਲੇ ਖਾਤੇ ਨਹੀਂ ਖੁੱਲ੍ਹੇ, ਜਿਨ੍ਹਾਂ ਨੂੰ ਖਾਤੇ ਖੋਲ੍ਹੇ ਜਾਣ ਦੇ ਬਾਵਜੂਦ ਚੈਕ ਬੁੱਕਸ ਜਾਰੀ ਨਹੀਂ ਹੋਈਆਂ ਅਤੇ ਜਿਨ੍ਹਾਂ ਨੂੰ ਹੱਦ ਕਰਜ਼ੇ ਸਬੰਧੀ ਨਕਦ ਰਾਸ਼ੀ ਪ੍ਰਾਪਤ ਨਹੀਂ ਹੋਈ। ਆਗੂਆਂ ਨੇ ਦੱਸਿਆ ਕਿ ਬੈਂਕ ਮੈਨੇਜਰ ਰਾਹੀਂ ਉਚ ਅਧਿਕਾਰੀਆਂ ਨੂੰ ਸੰਦੇਸ਼ ਭੇਜਿਆ ਗਿਆ ਹੈ ਕਿ 2 ਜੁਲਾਈ ਸ਼ਾਮ ਤੱਕ ਜੇਕਰ ਕਿਸਾਨਾਂ ਦੀਆਂ ਉਕਤ ਜਾਇਜ਼ ਮੰਗਾਂ ਮੰਨ ਕੇ ਸਾਰਿਆਂ ਦੇ ਖਾਤੇ ਖੋਲ੍ਹਣ, ਚੈਕ-ਬੁੱਕਸ ਦੇਣ, ਬਣਦੀ ਨਕਦ ਰਾਸ਼ੀ ਦੇਣ, ਜਿਹੜੀ ਸੁਸਾਇਟੀ ਦੀ ਜਿੰਨੇ ਵੀ ਕਰੋੜ ਦੀ ਲਿਮਟ ਹੈ ਕਿਸਾਨਾਂ ਵਿੱਚ ਪੂਰੀ ਵੰਡੇ ਜਾਣ ਸਬੰਧੀ ਫੈਸਲਾ ਲੈ ਕੇ ਇਸਨੂੰ ਅਮਲੀਰੂਪ ਨਾ ਦਿੱਤਾ ਤਾਂ ਕਿਸਾਨ ਬੈਂਕ ਅਧਿਕਾਰੀਆਂ ਦੇ ਘਿਰਾਓ ਜਿਹਾ ਸਖ਼ਤ ਐਕਸ਼ਨ ਲੈਣ ਲਈ ਮਜ਼ਬੂਰ ਹੋਣਗੇ। ਬੈਂਕ ਮੈਨੇਜਰ ਨੇ ਵਫ਼ਦ ਵੱਲੋਂ ਰੱਖੀਆਂ ਮੰਗਾਂ ਦੀ ਪੁਸ਼ਟੀ ਕੀਤੀ।