ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 30 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੁਨਾਮ ਸੰਗਰੂਰ ਮਾਰਗ ’ਤੇ ਬਣੇ ਆਰਜ਼ੀ ਪੁਲ ਦੀ ਮੁਰੰਮਤ ਦਾ ਮੁੱਦਾ ਸੁਨਾਮ ਦੇ ਐੱਸਡੀਐੱਮ ਕੋਲ ਚੁੱਕਿਆ ਹੈ। ਦੱਸਣਯੋਗ ਹੈ ਇਸ ਮਾਰਗ ’ਤੇ ਪਿੰਡ ਅਕਾਲਗੜ੍ਹ ਕੋਲੋਂ ਲੰਘਦੇ ਸਰਹੰਦ ਚੋਅ ’ਤੇ ਬਣਿਆ ਪੁਲ ਉਸਾਰੀ ਅਧੀਨ ਹੈ। ਲੋਕਾਂ ਦੀ ਸਹੂਲਤ ਲਈ ਇਥੇ ਇਕ ਆਰਜ਼ੀ ਪੁਲ ਤਿਆਰ ਕੀਤਾ ਗਿਆ ਸੀ। ਕਿਸਾਨ ਆਗੂ ਯਾਦਵਿੰਦਰ ਸਿੰਘ ਚੱਠਾ ਦੀ ਅਗਵਾਈ ਵਿੱਚ ਐੱਸਡੀਐਮ ਸੁਨਾਮ ਊਧਮ ਸਿੰਘ ਵਾਲਾ ਪ੍ਰਮੋਦ ਸਿੰਗਲਾ ਨੂੰ ਮਿਲ ਕੇ ਆਏ ਵਫਦ ਮੈਂਬਰਾਂ ਨੇ ਦੱਸਿਆ ਕਿ ਸਰਹਿੰਦ ਚੋਅ ’ਤੇ ਬਣ ਰਹੇ ਪੁਲ ਦੇ ਮੁਕੰਮਲ ਹੋਣ ਤੱਕ ਛੋਟੇ ਵਾਹਨਾਂ ਦੇ ਲੰਘਣ ਲਈ ਬਣਾਏ ਗਏ ਆਰਜੀ ਪੁਲ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਆਰਜ਼ੀ ਪੁਲ ਕਾਫੀ ਨੀਵਾਂ ਹੋਣ ਕਰ ਕੇ ਬਰਸਾਤ ਦੇ ਮੌਸਮ ਮੱਦੇਨਜ਼ਰ ਪਾਣੀ ਦੀ ਮਾਰ ਵਿਚ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਪਏ ਡੂੰਘੇ ਟੋਇਆਂ ਵਿਚ ਮੀਂਹ ਦਾ ਪਾਣੀ ਖੜ੍ਹ ਜਾਂਦਾ ਹੈ। ਜੋ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਖਸਤਾਹਾਲ ਪੁਲ ਕਾਰਨ ਪਿੰਡ ਚੱਠੇ ਨੱਕਟੇ, ਅਕਾਲਗੜ੍ਹ, ਕੁਲਾਰ ਖੁਰਦ, ਪਿੰਡ ਤੁੰਗਾਂ ਅਤੇ ਭਰੂਰ ਦੇ ਵਾਸੀਆਂ ਸਮੇਤ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸੁਨਾਮ ਸ਼ਹਿਰ ਆਉਣ-ਜਾਣ ਸਮੱਸਿਆ ਹੁੰਦੀ ਹੈ।