ਰਮੇਸ਼ ਭਾਰਦਵਾਜ
ਲਹਿਰਾਗਾਗਾ, 17 ਅਕਤੂਬਰ
ਪੰਜਾਬ ਸਰਕਾਰ ਵੱਲੋਂ ਮੰਨੀਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਤਰਫੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ ਲੱਗੇ ਪੱਕੇ ਮੋਰਚੇ ਵਿਚ ਰਾਤ ਸਮੇਂ ਡਿਊਟੀ ਦੇ ਰਹੇ ਪਿੰਡ ਬਖੋਰਾ ਕਲਾ ਦੇ ਕਿਸਾਨ ਗੁਰਚਰਨ ਸਿੰਘ (73) ਪੁੱਤਰ ਵਲੈਤੀ ਰਾਮ ਲਹਿਰਾਗਾਗਾ (ਸੰਗਰੂਰ) ਦੀ ਸੱਪ ਦੇ ਡੰਗਣ ਕਰ ਕੇ ਮੌਤ ਹੋ ਗਈ। ਇਸ ਤੋਂ ਪਹਿਲਾਂ ਪੀੜਤ ਕਿਸਾਨ ਨੂੰ ਇਲਾਜ ਲਈ ਬਡਰੁੱਖਾਂ ਲਿਜਾਇਆ ਗਿਆ, ਪਰ ਸੱਪ ਜ਼ਹਿਰੀਲਾ ਹੋਣ ਕਰਕੇ ਜ਼ਹਿਰ ਸਾਰੇ ਸਰੀਰ ਵਿੱਚ ਫੈਲ ਗਿਆ। ਉਸ ਤੋਂ ਬਾਅਦ ਕਿਸਾਨ ਨੂੰ ਸੰਗਰੂਰ ਦੇ ਸੀਵੀਆ ਹਸਪਤਾਲ ਵਿਚ ਲਿਆਂਦਾ ਗਿਆ ਪਰ ਡਾਕਟਰ ਨੇ ਪਟਿਆਲਾ ਸਰਕਾਰੀ ਹਸਪਤਾਲ ਵੱਲ ਰੈਫਰ ਕਰ ਦਿੱਤਾ। ਪੀੜਤ ਕਿਸਾਨ ਦੀ ਰਾਜਿੰਦਰਾ ਹਸਪਤਾਲ ’ਚ ਮੌਤ ਹੋ ਗਈ। ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਦੱਸਿਆ ਕਿ ਗੁਰਚਰਨ ਸਿੰਘ ਕੋਲ ਡੇਢ ਕੁ ਕਿੱਲਾ ਜ਼ਮੀਨ ਸੀ ਜਿਸ ਉਤੇ ਸਰਕਾਰੀ ਤੇ ਗੈਰਸਰਕਾਰੀ ਕਰਜ਼ਾ 8 ਲੱਖ 66 ਹਜ਼ਾਰ ਸੀ। ਜਥੇਬੰਦੀ ਨੇ ਸਰਕਾਰ ਤੋਂ ਕਿਸਾਨ ਸਿਰ ਚੜ੍ਹੇ ਕਰਜ਼ੇ ’ਤੇ ਲੀਕ ਮਾਰਨ, ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।