ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਅਕਤੂਬਰ
ਸ਼ਹਿਰ ਦੇ ਪਟਿਆਲਾ ਗੇਟ ਬਾਜ਼ਾਰ ’ਚ ਸਥਿਤ ਕੱਪੜਿਆਂ ਦੀ ਇੱਕ ਦੁਕਾਨ ’ਚ ਬੀਤੀ ਅੱਧੀ ਰਾਤ ਅਚਾਨਕ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਹ ਅੱਗ ਏਨੀ ਭਿਆਨਕ ਸੀ ਜਿਸਨੇ ਤਿੰਨ ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਅੱਗ ਉਪਰ ਕਾਬੂ ਪਾਉਣ ਲਈ ਸੰਗਰੂਰ, ਸੁਨਾਮ ਅਤੇ ਧੂਰੀ ਤੋਂ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੂੰ ਬੁਲਾਇਆ ਗਿਆ ਅਤੇ ਕਈ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਅੱਗ ਉਪਰ ਕਾਬੂ ਪਾਇਆ ਗਿਆ। ਦੁਕਾਨ ਮਾਲਕ ਅਨੁਸਾਰ ਕਰੀਬ ਡੇਢ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਜਾਣਕਾਰੀ ਮੁਤਾਬਕ ਮੋਦਿਸ ਗਾਰਮੈਂਟਸ ’ਚ ਰਾਤ ਅਚਾਨਕ ਅੱਗ ਲੱਗ ਗਈ ਜਿਸਨੇ ਤਿੰਨ ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਤਿੰਨੋਂ ਮੰਜ਼ਿਲਾਂ ਵਿੱਚ ਸਾਰੇ ਕੱਪੜੇ, ਫਰਨੀਚਰ ਅਤੇ ਹੋਰ ਸਾਮਾਨ ਸੜ ਗਿਆ। ਪੀੜਤ ਦੁਕਾਨਦਾਰ ਮੱਖਣ ਸਿੰਗਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਸਨ ਅਤੇ ਰਾਤ ਕਰੀਬ ਸਾਢੇ ਗਿਆਰਾਂ ਤੋਂ ਬਾਅਦ ਦੁਕਾਨ ਦੇ ਸਾਹਮਣੇ ਮੌਜੂਦ ਇੱਕ ਦੁਕਾਨਦਾਰ ਨੇ ਉਸਦੀ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਉਹ ਤੁਰੰਤ ਦੁਕਾਨ ’ਤੇ ਪੁੱਜਿਆ ਅਤੇ ਸ਼ਟਰ ਖੋਲ੍ਹਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ ਜੋ ਕਿ ਤਿੰਨੋਂ ਮੰਜ਼ਿਲਾਂ ’ਚ ਫੈਲ ਚੁੱਕੀ ਸੀ।
ਮੌਕੇ ’ਤੇ ਪੁਲੀਸ ਅਤੇ ਫਾਇਰ ਸਟੇਸ਼ਨ ਨੂੰ ਸੂਚਨਾ ਦਿੱਤੀ ਗਈ ਜਿਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਕਰੀਬ ਚਾਰ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ ਪਰ ਇਸ ਤੋਂ ਪਹਿਲਾਂ ਸਭ ਕੁੱਝ ਸੜ ਕੇ ਸੁਆਹ ਹੋ ਚੁੱਕਿਆ ਸੀ।
ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅਮਰਿੰਦਰ ਸਿੰਘ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣ ਦਾ ਖਦਸ਼ਾ ਹੈ ਜਿਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।