ਬੀਰਬਲ ਰਿਸ਼ੀ
ਸ਼ੇਰਪੁਰ, 29 ਅਕਤੂਬਰ
ਸ਼ੇਰਪੁਰ-ਝਲੂਰ ਸੜਕ ’ਤੇ ਸਥਿਤ ‘ਗੰਡੇਵਾਲੀਏ ਪਰਿਵਾਰ’ ਦੀ ਏਸ਼ੀਅਨ ਸਟੀਲ ਇੰਡਸਟਰੀਜ਼ ਵਿੱਚ ਬੀਤੀ ਰਾਤ ਅੱਗ ਲੱਗਣ ਨਾਲ ਲੱਖਾਂ ਦਾ ਸਮਾਨ ਸੜਕੇ ਸੁਆਹ ਹੋ ਗਿਆ। ਭਾਵੇਂ ਹਾਲੇ ਕੋਈ ਪੱਕਾ ਹਿਸਾਬ ਕਿਤਾਬ ਪਤਾ ਨਹੀਂ ਲੱਗਿਆ ਪਰ 60 ਲੱਖ ਤੋਂ ਵੀ ਵੱਧ ਨੁਕਸਾਨ ਦੱਸਿਆ ਜਾ ਰਿਹਾ ਹੈ। ਧੂਰੀ ਤੋਂ ਅੱਗ ਬੁਝਾਉ ਗੱਡੀ ਦੇ ਬਹੁਤ ਲੇਟ ਆਉਣ ਤੋਂ ਗੁੱਸੇ ਤੇ ਰੌਂਅ ਵਿੱਚ ਆਏ ਲੋਕਾਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਫੈਕਟਰੀ ਵਿੱਚ ਤਕਰੀਬਨ 12 ਵਜੇ ਅੱਗ ਲੱਗ ਗਈ। ਫੈਕਟਰੀ ਮਾਲਕ ਮੁਨੀਸ਼ ਗੰਡੇਵਾਲੀਆ ਨੇ ਦੱਸਿਆ ਕਿ 11 ਵਜੇ ਫੈਕਟਰੀ ਵਿੱਚੋਂ ਘਰ ਗਿਆ ਅਤੇ 12 ਤੋਂ 1 ਵਜੇ ਦਰਮਿਆਨ ਇਹ ਖ਼ਬਰ ਮਿਲਣ ਮਗਰੋਂ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਨਸ਼ਾ ਛੁਡਾਊ ਕਮੇਟੀ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਬਿੰਦਾ, ਗੋਪੀ ਗਰੇਵਾਲ ਸਣੇ ਟੀਮ ਨੇ ਅੱਗ ਬੁਝਾਉਣ ਦਾ ਯਤਨ ਕੀਤਾ। ਇਸ ਦੌਰਾਨ ਬਰਨਾਲਾ ਤੋਂ ਵੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪੁੱਜੀਆਂ। ਸਾਢੇ ਚਾਰ ਘੰਟੇ ਦੀ ਭਾਰੀ ਜੱਦੋ-ਜਹਿਦ ਮਗਰੋਂ ਸਵੇਰ ਤੱਕ ਆਗੂ ’ਤੇ ਕਾਬੂ ਪਿਆ ਪਰ ਫੈਕਟਰੀ ਦੇ ਐਨ ਨੇੜੇ ਪੈਟਰੋਲ ਪੰਪ ਹੋਣ ਕਾਰਨ ਕੋਈ ਵੱਡਾ ਨੁਕਸਾਨ ਹੋਣੋਂ ਟਲ ਗਿਆ। ਅਕਾਲੀ ਦਲ ਦੇ ਸਕੱਤਰ ਜਨਰਲ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ਅਤੇ ਸਰਬਜੀਤ ਸਿੰਘ ਅਲਾਲ ਨੇ ਪੰਜਾਬ ਸਰਕਾਰ ਤੋਂ ਸ਼ੇਰਪੁਰ ਵਿੱਚ ਫਾਇਰ ਬ੍ਰਿਗੇਡ ਦੇ ਪ੍ਰਬੰਧਾਂ ਲਈ ਠੋਸ ਕਦਮ ਉਠਾਉਣ ਦੀ ਮੰਗ ਕੀਤੀ।