ਪੱਤਰ ਪ੍ਰੇਰਕ
ਸੰਗਰੂਰ, 15 ਮਾਰਚ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੂਹ ਧਾਰਮਿਕ ਜਥੇਬੰਦੀਆਂ ਨੂੰ ਨਨਕਾਣਾ ਸਾਹਿਬ ਦੇ 100 ਸਾਲਾ ਸਾਕੇ ਨੂੰ ਸਮਰਪਿਤ ਸਮਾਗਮਾਂ ਨੂੰ ਆਯੋਜਿਤ ਕਰਨ ਦੇ ਆਦੇਸ਼ ਹਿਤ ਗੁਰਦੁਆਰਾ ਹਰਗੋਬਿੰਦਪੁਰਾ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਗੁਰਮਤਿ ਸਮਾਗਮ ਭਾਈ ਮਲਕੀਤ ਸਿੰਘ ਚੰਗਾਲ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ| ਜ਼ੋਨ ਪ੍ਰਧਾਨ ਕੁਲਵੰਤ ਸਿੰਘ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਗੁਰਦੁਆਰੇ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਹਰਪ੍ਰੀਤ ਸਿੰਘ ਰਿੰਕੂ ਦੀ ਦੇਖ ਰੇਖ ਹੋਏ ਇਸ ਸਮਾਗਮ ਦੀ ਅਰੰਭਤਾ ਗੁਰਬਾਣੀ ਕੀਰਤਨ ਨਾਲ ਕੀਤੀ ਗਈ| ਸੁਰਿੰਦਰਪਾਲ ਸਿੰਘ ਸਿਦਕੀ ਦੇ ਸਟੇਜ ਸੰਚਾਲਨ ਅਧੀਨ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਨਨਕਾਣਾ ਸਾਹਿਬ ਸਾਕੇ ਦੇ ਪਿਛੋਕੜ ਅਤੇ ਕਾਰਨ ਸਬੰਧੀ ਜ਼ਿਕਰ ਕੀਤਾ| ਸਮਾਗਮ ਦੌਰਾਨ ਢਾਡੀ ਜਥਾ ਭਾਈ ਤਰਸੇਮ ਸਿੰਘ ਦੁਗਾਲ ਨੇ ਜਥੇ ਨੇ ਬੀਰ ਰੀਸ ਵਾਰਾਂ ਦਾ ਗਾਇਨ ਕੀਤਾ| ਭਾਈ ਮਲਕੀਤ ਸਿੰਘ ਚੰਗਾਲ ਨੇ ਦੱਸਿਆ ਕਿ ਅਗਲਾ ਸਮਾਗਮ 20 ਮਾਰਚ ਨੂੰ ਗੁਰਦੁਆਰਾ ਨਾਨਕਿਆਣਾ ਸੰਗਰੂਰ ਵਿੱਚ ਕੀਤਾ ਜਾ ਰਿਹਾ ਹੈ |
ਤਿੰਨ ਰੋਜ਼ਾ ਜੋੜ ਮੇਲਾ ਸ਼ੁਰੂ
ਚੀਮਾ (ਜਸਵੰਤ ਸਿੰਘ ਗਰੇਵਾਲ): ਕਸਬੇ ਵਿੱੱਚ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਜੋੜ ਮੇਲਾ ਅੱਜ ਸ਼ੁਰੂ ਹੋ ਗਿਆ। ਇਸ ਜੋੜ ਮੇਲੇ ਦੇ ਪਹਿਲੇ ਦਿਨ ਕਸਬੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਸੰਗਤਾਂ ਲਈ ਲੰਗਰ ਲਗਾਏ ਗਏ। ਇਸ ਨਗਰ ਕੀਰਤਨ ਦੌਰਾਨ ਕੀਰਤਨੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਕਵੀਸ਼ਰੀ ਤੇ ਢਾਡੀ ਜਥਿਆਂ ਵੱਲੋਂ ਸੰਤ ਅਤਰ ਸਿੰਘ ਤੇ ਸਿੱਖ ਧਰਮ ਨਾਲ ਸਬੰਧਤ ਵਾਰਾਂ ਪੇਸ਼ ਕੀਤੀਆਂ ਗਈਆਂ। ਇਸ ਨਗਰ ਕੀਰਤਨ ਦੌਰਾਨ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਆਪਣੇ ਬੈਂਡ ਰਾਹੀਂ ਨਗਰ ਕੀਰਤਨ ਵਿੱਚ ਹਿੱਸਾ ਲਿਆ ਤੇ ਗੱਤਕਾ ਪਾਰਟੀਆਂ ਨੇ ਆਪਣੀ ਕਲਾਂ ਦੇ ਜ਼ੌਹਰ ਵਿਖਾਏ।