ਆਟੋ ਰਿਕਸ਼ਾ ਗੈਂਗ ਵੱਲੋਂ ਲੁੱਟ; ਇੱਕ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਨੇ ਆਟੋ ਰਿਕਸ਼ਾ ਲੁਟੇਰਾ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਹੈ ਜਿਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਵਿਅਕਤੀ ਦੀ ਲੁੱਟ ਕੀਤੀ ਗਈ ਹੈ। ਇਸ ਸਬੰਧੀ ਪਿੰਡ ਬੇਠੀ ਨਿਵਾਜਾ ਜ਼ਿਲ੍ਹਾ ਹਰਦੋਈ ਯੂਪੀ ਵਾਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਚਾਚੇ ਦੇ ਲੜਕੇ ਯੁਵਰਾਜ ਨਾਲ ਰੇਲਵੇ ਸਟੇਸ਼ਨ ਤੋਂ ਚੁੰਗੀ ਮੇਹਰਬਾਨ ਜਾਣ ਲਈ 200 ਰੁਪਏ ਵਿੱਚ ਆਟੋ ਰਿਕਸ਼ਾ ਕੀਤਾ ਸੀ। ਆਟੋ ਰਿਕਸ਼ਾ ਚਾਲਕ ਨੇ ਆਟੋ ਵਿੱਚ ਆਪਣੇ ਨਾਲ ਦੋ ਹੋਰ ਲੜਕੇ ਬਿਠਾ ਲਏ ਤੇ ਰਿਕਸ਼ਾ ਫ਼ਿਰੋਜ਼ਪੁਰ ਚੁੰਗੀ ਪਾਸੇ ਨੂੰ ਭਜਾ ਕੇ ਲੈ ਗਿਆ। ਚਾਲਕ ਨੇ ਦੋਵਾਂ ਨੂੰ ਦਾਤ ਦਿਖਾ ਕੇ ਉਸ ਕੋਲੋਂ ਮੋਬਾਈਲ ਫੋਨ ਤੇ ਤਿੰਨ ਹਜ਼ਾਰ ਰੁਪਏ ਦੀ ਨਗਦੀ, ਯੁਵਰਾਜ ਦਾ ਮੋਬਾਈਲ ਫੋਨ ਤੇ ਦੋ ਹਜ਼ਾਰ ਰੁਪਏ ਨਗਦੀ ਖੋਹ ਕੇ ਆਟੋ ਰਿਕਸ਼ਾ ਸਣੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸੋਨੂ ਕੁਮਾਰ ਵਾਸੀ ਫ਼ੌਜੀ ਕਲੋਨੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਆਟੋ ਰਿਕਸ਼ਾ ਅਤੇ ਇੱਕ ਦਾਹ ਬਰਾਮਦ ਕੀਤਾ ਗਿਆ ਹੈ। ਪੁਲੀਸ ਵੱਲੋਂ ਉਸ ਦੇ ਸਾਥੀਆਂ ਅਰਜਨ ਵਾਸੀ ਦੀਪ ਨਗਰ ਅਤੇ ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਲੁੱਟ ਦੇ ਮਾਮਲੇ ਵਿੱਚ ਤਿੰਨ ਨਾਮਜ਼ਦ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਨੇ ਇੱਕ ਲੁੱਟ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਜਨਕਪੁਰੀ ਵਾਸੀ ਅਮਨ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਜਾ ਰਿਹਾ ਸੀ ਤਾਂ ਚੀਮਾ ਚੌਂਕ ਸਾਹਮਣੇ ਸੜਕ ’ਤੇ ਖੜ੍ਹੇ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਦਾਤਰ ਦਿਖਾ ਕੇ ਉਸ ਦਾ ਮੋਬਾਈਲ ਫੋਨ, ਚਾਰਜਰ, ਇੱਕ ਲੈਪਟਾਪ, ਹੈਡਫੋਨ ਅਤੇ ਦੁਕਾਨ ਦੀਆਂ ਚਾਬੀਆਂ ਖੋਹ ਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਭਾਲ ਕਰਨ ’ਤੇ ਪਤਾ ਲੱਗਿਆ ਕਿ ਮਨਪ੍ਰੀਤ ਸਿੰਘ ਵਾਸੀ ਇਸਲਾਮ ਗੰਜ, ਕਮਲਜੀਤ ਸਿੰਘ ਵਾਸੀ ਜਲੰਧਰ ਬਾਈਪਾਸ ਅਤੇ ਪਵਨ ਭੱਟੀ ਵਾਸੀ ਪੀਰੂ ਮੁਹੱਲਾ ਮੱਛੀ ਮਾਰਕੀਟ ਤਾਜਪੁਰ ਰੋਡ ਨੇ ਇਹ ਵਾਰਦਾਤ ਕੀਤੀ ਹੈ। ਪੁਲੀਸ ਵੱਲੋਂ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਕਾਬੂ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਏਵਨ ਮਾਲ ਗੁਰਦੇਵ ਨਗਰ ਵਾਸੀ ਕਿਸ਼ਨ ਲਾਲ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਪੁਲ ਦੇ ਥੱਲੇ ਲਾਕ ਲਗਾ ਕੇ ਖੜ੍ਹਾ ਕੀਤਾ ਸੀ ਜਿਸਨੂੰ ਕੋਈ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਪੜਤਾਲ ਦੌਰਾਨ ਸਮਨਪ੍ਰੀਤ ਸਿੰਘ ਅਤੇ ਅਮਰਦੀਪ ਸਿੰਘ ਵਾਸੀ ਬਾਦਾ ਪੱਤੀ ਪਿੰਡ ਕਾਉਂਕੇ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ ਮੋਟਰਸਾਈਕਲ ਬਰਾਮਦ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ
ਰਸੋਈ ਗੈਸ ਦੀ ਕਾਲਾਬਾਜ਼ਾਰੀ ਦੇ ਦੋਸ਼ ਤਹਿਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਰਸੋਈ ਗੈਸ ਦੀ ਕਾਲਾਬਾਜ਼ਾਰੀ ਦੇ ਦੋਸ਼ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਐਵਰੇਸਟ ਸਕੂਲ ਕੋਲ ਮੌਜੂਦ ਸੀ ਤਾਂ ਗੀਤਾ ਰਾਮ ਵਾਸੀ ਨਿਊ ਮੋਤੀ ਨਗਰ ਨੂੰ ਵੱਡੇ ਘਰੇਲੂ ਗੈਸ ਸਿਲੰਡਰਾਂ ਵਿੱਚੋਂ ਛੋਟੇ ਗੈਸ ਸਿਲੰਡਰਾਂ ਵਿੱਚ ਗੈਸ ਭਰ ਕੇ ਵੇਚਦਿਆਂ ਕਾਬੂ ਕਰ ਕੇ ਉਸ ਪਾਸੋਂ ਦੋ ਗੈਸ ਸਿਲੰਡਰ, ਇੱਕ ਰੈਗੂਲੇਟਰ, ਇੱਕ ਪਾਈਪ ਅਤੇ ਗੈਸ ਭਰਨ ਵਾਲਾ ਕੰਪਰੈਸ਼ਰ ਬਰਾਮਦ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ