ਮਾਨਵਜੋਤ ਭਿੰਡਰ
ਡਕਾਲਾ, 14 ਮਾਰਚ
ਪੰਜਾਬ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 16 ਮਾਰਚ ਨੂੰ ਰੱਖੇ ਗਏ ਸਹੁੰ ਚੁੱਕ ਸਮਾਗਮ ਵਿਚ ਸੂਬੇ ਦੇ ਸਾਰੇ ਲੋਕਾਂ ਨੂੰ ਬਸੰਤੀ ਰੰਗ ਦੀਆਂ ਪੱਗਾਂ ਤੇ ਇਸ ਰੰਗ ਦੀਆਂ ਚੁੰਨੀਆਂ ਲੈ ਕੇ ਖਟਕੜ ਕਲਾਂ ਆਉਣ ਦੇ ਦਿੱਤੇ ਗਏ ਸੱਦੇ ਉੱਤੇ ਲੋਕਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਕਾਰਨ ਇੱਥੇ ਬਸੰਤੀ ਰੰਗ ਦੀਆਂ ਪੱਗਾਂ ਦੀ ਵੱਡੀ ਪੱਧਰ ਉਤੇ ਵਿਕਰੀ ਹੋਣ ਲੱਗੀ ਹੈ। ਇਸ ਦੀ ਵਜ੍ਹਾ ਕਈ ਛੋਟੇ ਬਾਜ਼ਾਰਾਂ ਤੇ ਛੋਟੇ ਸ਼ਹਿਰਾਂ ਜਾਂ ਕਸਬਿਆਂ ਵਿੱਚ ਪੱਗਾਂ ਦੇ ਬਸੰਤੀ ਰੰਗ ਦੀ ਘਾਟ ਜਾਪਣ ਲੱਗੀ ਹੈ। ਇਸ ਉਤਪੰਨ ਹੋਏ ਮਾਮਲੇ ਸਬੰਧੀ ਇਲਾਕੇ ਦੇ ਵੱਖ-ਵੱਖ ਨੌਜਵਾਨਾਂ ਨੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਹੁਣ ਬਸੰਤੀ ਰੰਗ ਦੇ ਨਾਲ ਮਿਲਦੇ-ਜੁਲਦੇ ਪੱਗਾਂ ਦੇ ਹੋਰ ਰੰਗਾਂ ਨੂੰ ਮੱਲੋ ਮੱਲੀ ਵੇਚਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਦੁਕਾਨਦਾਰਾਂ ਨੇ ਮੰਨਿਆ ਕੇ ਸ਼ੁੱਧ ਤੇ ਪੱਕੇ ਬਸੰਤੀ ਰੰਗ ਦੀ ਪਹਿਲਾਂ ਹੀ ਕਮੀ ਸੀ ਤੇ ਹੁਣ ਇਸ ਰੰਗ ਦੀ ਵਿਕਰੀ ਵਿਚ ਕਾਫ਼ੀ ਵਾਧਾ ਹੋਣ ਮਗਰੋਂ ਘਾਟ ਹੋਰ ਵੀ ਰੜਕਣ ਲੱਗੀ ਹੈ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ‘ਆਪ’ ਦੇ ਸੀਨੀਅਰ ਆਗੂਆਂ ਵੱਲੋਂ ਵਰਕਰਾਂ ਨੂੰ ਖਟਕੜ ਕਲਾਂ ਸਹੁੰ ਚੁੱਕ ਸਮਾਗਮ ਵਿਚ ਜਾਣ ਤੋਂ ਪਹਿਲਾਂ ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ।