ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 17 ਜੁਲਾਈ
ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਕੂਲ ਵਿੱਚ ਤਿੰਨ ਸਾਇੰਸ ਲੈਬਾਰਟਰੀਆਂ (ਬਾਇਓ, ਕੈਮਿਸਟਰੀ ਅਤੇ ਫਾਜ਼ਿਕਸ) ਦਾ ਨੀਂਹ ਪੱਥਰ ਰੱਖਿਆ ਅਤੇ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਘੁਮਾਣ, ਸਕੂਲ ਪ੍ਰਿੰਸੀਪਲ ਭਾਰਤ ਭੂਸ਼ਣ ਅਤੇ ਬੁਨੀਤਾ ਬਾਂਸਲ ਆਦਿ ਸਮੁੱਚਾ ਸਟਾਫ ਹਾਜ਼ਰ ਸੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੜ੍ਹਬਾ ਦੇ ਲੋਕਾਂ ਦੀ ਪੁਰਾਣੀ ਮੰਗ ਅਨੁਸਾਰ ਹੁਣ ਇੱਥੇ ਸਾਇੰਸ ਤੇ ਕਾਮਰਸ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਜ ਇੱਥੇ ਸਾਇੰਸ ਪ੍ਰੋਯੋਗਸ਼ਾਲਾ ਨਹੀਂ ਸੀ ਪਰ ਅੱਜ ਸਾਇੰਸ ਪ੍ਰਯੋਗਸ਼ਾਲਾ ਦੀ ਨੀਂਹ ਰੱਖੀ ਗਈ ਹੈ ਅਤੇ ਇਹ ਲੈਬ 33 ਲੱਖ ਰੁਪਏ ਨਾਲ ਤਿਆਰ ਹੋਵੇਗੀ। ਜਦੋਂ ਲੈਬਾਰਟਰੀ ਤਿਆਰ ਹੋ ਗਈ ਤਾਂ ਇੱਥੇ ਸਾਇੰਸ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਨੀ ਬਹੁਤ ਆਸਾਨ ਹੋ ਜਾਵੇਗੀ। ਉਨ੍ਹਾਂ ਕਿਹਾ,‘ਪੰਜਾਬ ਸਰਕਾਰ ਨੇ ਸਿੱਖਿਆ ਲਈ ਰੋਡ ਮੈਪ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਅਸੀਂ ਟੈਕਨੀਕਲ ਐਜੂਕੇਸ਼ਨ ਅਤੇ ਮੈਡੀਕਲ ਐਜੂਕੇਸ਼ਨ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲਾਂ ਵਿੱਚ ਕਮਰਿਆਂ ਦੀ ਘਾਟ, ਚਾਰਦੀਵਾਰੀ, ਪ੍ਰਯੋਗਸ਼ਾਲਾਵਾਂ ਜਾਂ ਫਰਨੀਚਰ ਦੀ ਘਾਟ ਹੈ, ਉਸ ਲਈ ਸਪੈਸ਼ਲ ਫੰਡ ਮੁਹੱਈਆ ਕਰਵਾਏ ਜਾਣਗੇ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਿਸਟਮ ਵਿੱਚ ਵੱਡੀ ਤਬਦੀਲੀ ਲਿਆਂਦੀ ਜਾਵੇਗੀ, ਚੰਗੇ ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜਿਆ ਜਾਵੇਗਾ।