ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਸਤੰਬਰ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ‘ਆਪ’ ਦੇ ਸੀਨੀਅਰ ਆਗੂ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਗੁਰਮੇਲ ਸਿੰਘ ਘਰਾਚੋਂ ਵੱਲੋਂ ਗ੍ਰਾਮ ਪੰਚਾਇਤ ਹਰਦਿੱਤਪੁਰਾ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ ਜਾਰੀ ਕੀਤੀ 3 ਲੱਖ ਰੁਪਏ ਦੀ ਗ੍ਰਾਂਟ ਨਾਲ ਤਿਆਰ ਕਰਵਾਈ ਗਈ ਮਿਨੀ ਫਾਇਰ ਬ੍ਰਿਗੇਡ ਭੇਟ ਕੀਤੀ ਗਈ। ਇਹ ਮਿਨੀ ਫਾਇਰ ਬ੍ਰਿਗੇਡ ਪੀਣ ਵਾਲੇ ਪਾਣੀ ਦੇ ਟੈਂਕਰ ਵਜੋਂ ਵੀ ਕੰਮ ਆਵੇਗੀ।
ਇਸ ਮੌਕੇ ਚੇਅਰਮੈਨ ਘਰਾਚੋਂ ਨੇ ਦੱਸਿਆ ਕਿ ਲਗਭਗ 5 ਹਜ਼ਾਰ ਲਿਟਰ ਦੀ ਸਮਰੱਥਾ ਵਾਲੇ ਇਸ ਟੈਂਕਰ ਨੂੰ ਝੋਨੇ ਤੇ ਕਣਕ ਦੀ ਕਟਾਈ ਦੇ ਸੀਜਨ ਜਾਂ ਕਿਸੇ ਸਮੇਂ ਵੀ ਅੱਗ ਲੱਗਣ ਦੀ ਵਾਪਰਨ ਵਾਲੀ ਅਣਸੁਖਾਵੀਂ ਘਟਨਾ ਮੌਕੇ ਫਾਇਰ ਬ੍ਰਿਗੇਡ ਵਾਂਗ ਵਰਤਿਆ ਜਾ ਸਕੇਗਾ ਤੇ ਆਮ ਦਿਨਾਂ ਵਿੱਚ ਪਿੰਡ ਦੇ ਲੋਕ ਪਾਣੀ ਵਾਲੇ ਟੈੰਕਰ ਦੇ ਰੂਪ ’ਚ ਇਸ ਨੂੰ ਵਰਤ ਸਕਣਗੇ। ਪਿੰਡ ਵਾਸੀ ਗਿਆਨ ਕੰਧੋਲਾ ਨੇ ਕਿਹਾ ਕਿ ਪਿਛਲੇ ਸਮੇਂ ਪਿੰਡ ਨੇੜੇ ਇੱਕ ਫਰਨੀਚਰ ਹਾਊਸ ਨੂੰ ਭਿਆਨਕ ਅੱਗ ਲੱਗ ਗਈ ਸੀ, ਜਿਸ ਦੌਰਾਨ ਲੋਕਾਂ ਨੂੰ ਫਾਇਰ ਬ੍ਰਿਗੇਡ ਦੀ ਭਾਰੀ ਘਾਟ ਮਹਿਸੂਸ ਹੋਈ ਸੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚ ਰਾਮ ਆਸਰਾ ਤੇ ਬਘੇਲ ਸਿੰਘ, ਭਰਪੂਰ ਸਿੰਘ, ਕਰਤਾਰ ਸਿੰਘ, ਗੁਲਾਬ ਸਿੰਘ ਤੋਂ ਇਲਾਵਾ ‘ਆਪ’ ਵਾਲੰਟੀਅਰ ਪ੍ਰਦੀਪ ਕਾਕਾ ਕਪਿਆਲ ਤੇ ਕਰਮ ਸਿੰਘ ਫੁੰਮਣਵਾਲ ਹਾਜ਼ਰ ਸਨ।