ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕੱਤਰਤਾ ਦੌਰਾਨ ਹੱਥਾਂ ਵਿੱਚ ਤਸਵੀਰਾਂ ਚੁੱਕ ਕੇ ਸ਼ਹੀਦ ਭਗਤ ਸਿੰਘ ਯਾਦ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ’ਤੇ ਪਹਿਰਾ ਦੇਣ ਦਾ ਅਹਿਦ ਲਿਆ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਭਾਕਿਯੂ ਏਕਤਾ ਉਗਰਾਹਾਂ ਵੱਲੋਂ 28 ਸਤੰਬਰ ਨੂੰ ਕਰਵਾਈ ਜਾ ਰਹੀ ‘ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ’ ਅਤੇ 6 ਅਕਤੂਬਰ ਨੂੰ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਦੀ 50ਵੀਂ ਬਰਸੀ ਮੌਕੇ ਰੀਗਲ ਸਿਨੇਮਾ ਮੋਗਾ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ।
ਯੂਨੀਅਨ ਆਗੂ ਕੋਮਲ ਖਨੌਰੀ, ਰਮਨ ਸਿੰਘ ਕਾਲਾਝਾੜ ਅਤੇ ਕਾਲਜ ਕਮੇਟੀ ਪ੍ਰਧਾਨ ਸੁਖਚੈਨ ਸਿੰਘ ਪੁੰਨਾਵਾਲ ਨੇ ਕਿਹਾ ਕਿ ਲੋਕਾਂ ਦੀ ਇਨਕਲਾਬੀ ਲਹਿਰ ਅੰਦਰ ਨਿੱਤ ਦਿਨ ਆ ਰਹੇ ਉਭਾਰ ਅਤੇ ਪ੍ਰੇਰਨਾਸਰੋਤ ਤੇ ਮਾਰਗ ਦਰਸ਼ਕ ਵਜੋਂ ਸ਼ਹੀਦ ਭਗਤ ਸਿੰਘ ਦਾ ਅਕਸ ਉੱਭਰ ਰਿਹਾ ਹੈ ਪਰ ਸੰਸਦ ਮੈਂਬਰ ਵੱਲੋਂ ਸ਼ਹੀਦ ਭਗਤ ਸਿੰਘ ਉੱਪਰ ਸਿੱਧੇ ਹਮਲੇ ਕੀਤੇ ਜਾ ਰਹੇ ਹਨ ਅਤੇ ਸ਼ਹੀਦ ਮੰਨਣ ਤੋਂ ਇਨਕਾਰੀ ਹਨ। ਦੂਜੇ ਪਾਸੇ ਹਕੂਮਤੀ ਪਾਰਟੀ ‘ਆਪ’ ਦੇ ਨਾਂ ਹੇਠ ਜੁੜੇ ਸਿਆਸਤਦਾਨ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਆਦਰਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਾਸਾ ਵੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਬਸੰਤੀ ਪੱਗਾਂ ਬੰਨ੍ਹ ਅਤੇ ਖਟਕੜ ਕਲਾਂ ਦੀ ਧਰਤੀ ਨੂੰ ਨਤਮਸਤਕ ਹੁੰਦੇ ਹਨ ਅਤੇ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਪਰ ਦੇਸ਼ ਦੇ ਵਿਕਾਸ ਦਾ ਮਾਡਲ ਜਰਮਨੀ ਤੋਂ ਲੈ ਕੇ ਆਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ਉੱਪਰ ਪਹਿਰਾ ਦੇਣ ਅਤੇ ਸਿੱਖਿਆ ਦੇ ਨਿੱਜੀਕਰਨ ਤੇ ਨਵੀਂ ਸਿੱਖਿਆ ਨੀਤੀ-2020 ਖ਼ਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਕਰਨ।
ਇਸ ਮੌਕੇ ਵਿਦਿਆਰਥੀ ਆਗੂ ਹਰਪ੍ਰੀਤ ਸਿੰਘ ਕਨੋਈ, ਅੰਮ੍ਰਿਤ ਸਿੰਘ ਬਾਲਦ ਕਲਾਂ, ਅਵੀ ਉਪਲੀ, ਬਲਜਿੰਦਰ ਕੌਰ, ਅੰਜੂ, ਬੰਟੀ ਕਹੇਰੂ, ਮਨਪ੍ਰੀਤ ਕੌਰ, ਗੁਰਵੀਰ ਕੌਰ, ਅਮਨ ਨੱਤਾਂ, ਲਵਪ੍ਰੀਤ ਮਹਿਲਾਂ, ਵਰਿੰਦਰ ਸਿੰਘ ਤੇ ਸੰਦੀਪ ਸਿੰਘ ਘਰਾਚੋਂ ਆਦਿ ਸ਼ਾਮਲ ਸਨ।