ਬੀਰਬਲ ਰਿਸ਼ੀ
ਸ਼ੇਰਪੁਰ, 18 ਅਗਸਤ
ਫੂਡ ਸਪਲਾਈ ਵਿਭਾਗ ਦੇ ਸ਼ੇਰਪੁਰ ਦਫ਼ਤਰ ਅਧੀਨ ਆਉਂਦੇ ਕਈ ਪਿੰਡਾਂ ਵਿੱਚ ਗ਼ਰੀਬ ਪਰਿਵਾਰਾਂ ਲਈ ਸੈਂਟਰ ਸਰਕਾਰ ਵੱਲੋਂ ਆਉਂਦੀ ਮੁਫ਼ਤ ਕਣਕ ਦੇ ਨਿਰਧਾਰਤ ਕੋਟੇ ਨਾਲੋਂ ਸਾਢੇ ਦਸ ਪ੍ਰਤੀਸ਼ਤ ਘੱਟ ਭੇਜਣ ਅਤੇ ਬੇਜ਼ਮੀਨਿਆਂ ਨੂੰ ਰਿਕਾਰਡ ਵਿੱਚ ਕਥਿਤ ਤੌਰ ’ਤੇ ਜ਼ਮੀਨਾਂ ਦੇ ਮਾਲਕ ਦਰਸਾ ਕੇ ਰਾਸ਼ਨ ਕੱਟਣ ਦੇ ਮਾਮਲੇ ’ਚ ਰੋਸ ਪ੍ਰਦਰਸ਼ਨ ਮਗਰੋਂ ਜ਼ੈੱਡਪੀਐੱਸਸੀ ਨੇ ਸਬੰਧਤ ਇੰਸਪੈਕਟਰ ਨੂੰ ਮੰਗ ਪੱਤਰ ਸੌਂਪਿਆ। ਜ਼ੈੱਡਪੀਐੱਸਸੀ ਦੇ ਜ਼ੋਨਲ ਆਗੂ ਜਸਵੰਤ ਸਿੰਘ ਖੇੜੀ ਅਤੇ ਆਗੂ ਸ਼ਿੰਦਰ ਕੌਰ ਹੇੜੀਕੇ ਨੇ ਦੋਸ਼ ਲਾਇਆ ਕਿ ਕੁੰਭੜਵਾਲ ਸਮੇਤ ਕਈ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਪੂਰਾ ਰਾਸ਼ਨ ਨਹੀਂ ਮਿਲ ਰਿਹਾ ਸਗੋਂ ਕੁੱਝ ਡਿੱਪੂ ਹੋਲਡਰ ਨਿਰਧਾਰਤ ਤੋਂ ਘੱਟ ਰਾਸ਼ਨ ਦੇ ਰਹੇ ਹਨ ਜਦਕਿ ਬੇਜ਼ਮੀਨੇ ਮਜ਼ਦੂਰਾਂ ਕੋਲ ਰਿਕਾਰਡ ’ਚ ਜ਼ਮੀਨਾਂ ਵਿਖਾ ਕੇ ਰਾਸ਼ਨ ਕੱਟਣ ਦੇ ਨਾਲ-ਨਾਲ ਮਜ਼ਦੂਰਾਂ ਨਾਲ ਬਦਤਮੀਜ਼ੀ ਵੀ ਕੀਤੀ ਜਾਂਦੀ ਹੈ।
ਆਗੂ ਬੀਬੀ ਪਰਮਜੀਤ ਕੌਰ ਲੌਂਗੋਵਾਲ ਨੇ ਦੋਸ਼ ਲਾਇਆ ਕਿ ਇੱਕ ਪਾਸੇ ਬੇਜ਼ਮੀਨਿਆਂ ਕੋਲ ਜ਼ਮੀਨ ਵਿਖਾਕੇ ਰਾਸ਼ਨ ਕੱਟਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਪਿੰਡਾਂ ਵਿੱਚ ਅਜਿਹੇ ਸੈਂਕੜੇ ਧਨਾਢ ਪਰਿਵਾਰ ਹਨ ਜਿਹੜੇ ਵੱਡੀਆਂ ਜ਼ਮੀਨਾਂ ਦੇ ਮਾਲਕ ਹੋਣ ਦੇ ਬਾਵਜੂਦ ਆਪਣੇ-ਆਪ ਨੂੰ ਬੇਜ਼ਮੀਨੇ ਵਿਖਾਕੇ ਗਰੀਬ ਲੋਕਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੇ ਹਨ। ਉਨ੍ਹਾਂ ਪੂਰੇ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਧਨਾਢ ਲੋਕਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਵੱਲੋਂ ਲਏ ਰਾਸ਼ਨ ਦੀ ਰਿਕਵਰੀ ਕੀਤੀ ਜਾਵੇ ਅਤੇ ਧਾਰਾ 420 ਦਾ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਅੱਜ ਮੰਗ ਪੱਤਰ ਦੇ ਦਿੱਤਾ ਗਿਆ ਹੈ ਪਰ 25 ਅਗਸਤ ਤੋਂ ਮਗਰੋਂ ਇਸ ਮਾਮਲੇ ’ਤੇ ਜਥੇਬੰਦੀ ਮੀਟਿੰਗ ਕਰ ਕੇ ਤਿੱਖੇ ਸੰਘਰਸ਼ ਨੂੰ ਅੰਜਾਮ ਦੇਵੇਗੀ।
ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਜੋਗਾ ਸਿੰਘ ਨੇ ਦੱਸਿਆ ਕਿ ਕੇਂਦਰ ਦੀ ਮੁਫ਼ਤ ਵਾਲੀ ਕਣਕ ਦਾ ਸਾਢੇ ਦਸ ਪ੍ਰਤੀਸ਼ਤ ਕੋਟਾ ਨਿਰਧਾਰਤ ਤੋਂ ਘਟ ਕੇ ਆ ਰਿਹਾ ਹੈ। ਰਾਸ਼ਨ ਕਾਰਡ ਕੱਟਣ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਜ਼ਮੀਨ ਸਬੰਧੀ ਰਿਪੋਰਟ ਪਟਵਾਰੀ ਨੇ ਕਰਨੀ ਹੁੰਦੀ ਹੈ ਜਿਸ ਬਾਰੇ ਸਬੰਧਤ ਪਟਵਾਰੀ ਹੀ ਦੱਸ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ।
ਪਿੰਡ ਰਸੌਲੀ ਵਿੱਚ ਡਿੱਪੂ ਹੋਲਡਰ ’ਤੇ ਗ਼ਰੀਬਾਂ ਦੀ ਕਣਕ ਹੜੱਪਣ ਦੇ ਦੋਸ਼
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਪਿੰਡ ਰਸੌਲੀ ਦੇ ਕੁਝ ਲੋਕਾਂ ਨੇ ਡਿੱਪੂ ਹੋਲਡਰ ’ਤੇ ਗ਼ਰੀਬਾਂ ਦੀ ਕਣਕ ਹੜੱਪਣ ਅਤੇ ਕਣਕ ਦੀ ਪਰਚੀ ਕੱਟਣ ਉਪਰੰਤ ਵੀ ਕਣਕ ਨਾ ਦੇਣ ਦੇ ਦੋਸ਼ ਲਾਉਂਦਿਆਂ ਡਿੱਪੂ ਹੋਲਡਰ ਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿੰਡ ਰਸੌਲੀ ਦੀ ਰਾਮ ਪਿਆਰੀ, ਜਯੋਤੀ, ਸੁਮਨ ਦੇਵੀ, ਰਜਨੀ, ਸੁਮਨ ਦੇਵੀ, ਗ਼ੀਤਾ ਦੇਵੀ, ਸ਼ਾਂਤਾ ਦੇਵੀ, ਬਾਲਾ ਦੇਵੀ ਅਤੇ ਜਸਮਤ ਰਾਮ, ਕਪੂਰ ਚੰਦ, ਅੱਬਲ ਸਿੰਘ ਅਤੇ ਸੁਲਤਾਨ ਸਿੰਘ ਨੇ ਡਿੱਪੂ ਹੋਲਡਰ ਸੁਰਜੀਤ ਸਿੰਘ ’ਤੇ ਕਣਕ ਨਾ ਦੇਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਗਰੀਬ ਲੋਕਾਂ ਦੀ ਕਣਕ ਹਰ ਵਾਰ ਯੋਜਨਾਬੱਧ ਤਰੀਕੇ ਨਾਲ ਹੜੱਪੀ ਜਾਂਦੀ ਹੈ ਤੇ ਇਸ ਵਾਰ ਵੀ ਅਜਿਹਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਰਡ ਵਿੱਚ ਸ਼ਾਮਲ ਕੁੱਝ ਪਰਿਵਾਰਕ ਮੈਂਬਰਾਂ ਨੂੰ ਕਣਕ ਨਾ ਦੇ ਕੇ ਲੋੜਵੰਦਾਂ ਨਾਲ ਠੱਗੀ ਮਾਰੀ ਜਾਂਦੀ ਹੈ। ਇਸ ਮਹੀਨੇ ਆਈ ਕਣਕ ਵੀ ਨਹੀਂ ਦਿੱਤੀ ਗਈ ਅਤੇ ਡਿੱਪੂ ਹੋਲਡਰ ਕਣਕ ਘੱਟ ਆਉਣ ਦਾ ਬਹਾਨਾ ਬਣਾ ਰਿਹਾ ਹੈ। ਇਸੇ ਦੌਰਾਨ ਉੱਤਮ ਰਾਮ ਨੇ ਦੱਸਿਆ ਕਿ ਕਣਕ ਦੀ ਪਰਚੀ ਕੱਟਣ ਉਪਰੰਤ ਉਸਨੂੰ ਕਣਕ ਨਹੀਂ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਵਾ ਕੇ ਡਿੱਪੂ ਹੋਲਡਰ ਨੂੰ ਬਣਦੀ ਸਜ਼ਾ ਦੇਣ ਦੇ ਨਾਲ -ਨਾਲ ਲੋੜਵੰਦਾਂ ਨੂੰ ਪੂਰੀ ਕਣਕ ਮਿਲਣੀ ਯਕੀਨੀ ਬਣਾਈ ਜਾਵੇ। ਡਿੱਪੂ ਹੋਲਡਰ ਸੁਰਜੀਤ ਸਿੰਘ ਨੇ ਕਣਕ ਘੱਟ ਦੇਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਸ ਵਾਰ ਫੂਡ ਸਪਲਾਈ ਵਿਭਾਗ ਵੱਲੋਂ ਜਿੰਨੀ ਕਣਕ ਉਨ੍ਹਾਂ ਕੋਲ ਆਈ ਸੀ, ਉਹ ਉਨ੍ਹਾਂ ਵੰਡ ਦਿੱਤੀ ਹੈ। ਜਿਹੜੇ ਮੈਂਬਰਾਂ ਦੀ ਕਣਕ ਕੱਟੀ ਗਈ ਹੈ ਉਸ ਸਬੰਧੀ ਵਿਭਾਗ ਹੀ ਜਵਾਬ ਦੇ ਸਕਦਾ ਹੈ। ਸਹਾਇਕ ਫੂਡ ਸਪਲਾਈ ਅਫ਼ਸਰ ਪਾਤੜਾਂ ਨਿਖਿਲ ਵਾਲੀਆ ਨੇ ਦੱਸਿਆ ਕਿ ਇਸ ਵਾਰ ਪ੍ਰਧਾਨ ਮੰਤਰੀ ਯੋਜਨਾ ਵਾਲੀ ਕਣਕ 11% ਘਟ ਕੇ ਆਈ ਹੈ ਤੇ ਜੇ ਡਿੱਪੂ ਹੋਲਡਰ ਨੇ ਇਸ ਤੋਂ ਵੱਧ ਕੱਟ ਲਾਇਆ ਹੋਇਆ ਤਾਂ ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ।